ਦਵਿੰਦਰ ਸਿੰਘ
ਯਮੁਨਾਨਗਰ, 18 ਜੁਲਾਈ
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਮਾਜ ਭਲਾਈ ਵਿਭਾਗ ਰਾਹੀਂ ਦਿੱਤੀ ਜਾ ਰਹੀ ਬੁਢੇਪਾ, ਅਪੰਗਤਾ, ਵਿਧਵਾ ਪੈਨਸ਼ਨਾਂ ਵਿੱਚ ਕਟੌਤੀ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਆਏ ਸੈਂਕੜੇ ਪੈਨਸ਼ਨਰਾਂ ਨੇ ਇਕੱਠੇ ਹੋ ਹਿੱਸਾ ਲਿਆ ਅਤੇ ਨਾਅਰੇਬਾਜ਼ੀ ਕੀਤੀ। ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਅਤੇ ਸਮਾਜ ਭਲਾਈ ਵਿਭਾਗ ਦੇ ਅਧਿਕਾਰੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਵਿਚ ਹਰ ਪੈਨਸ਼ਨ ਧਾਰਕ ਨੂੰ ਉਸ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਪੈਨਸ਼ਨ ਦੇਣ ਦੀ ਮੰਗ ਕੀਤੀ ਗਈ। ਕਮਿਊਨਿਸਟ ਪਾਰਟੀ ਦੇ ਅਹੁਦੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਜ਼ੁਰਗਾਂ, ਔਰਤਾਂ, ਅੰਗਹੀਣਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਪੈਨਸ਼ਨਰਾਂ ਦੀ ਪੈਨਸ਼ਨ ਜਲਦੀ ਤੋਂ ਜਲਦੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇ।
ਪਾਰਟੀ ਦੇ ਜ਼ਿਲ੍ਹਾ ਸਹਾਇਕ ਸਕੱਤਰ ਐਡਵੋਕੇਟ ਹਰਭਜਨ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਵੱਲੋਂ ਬੇਬੁਨਿਆਦ ਇਤਰਾਜ਼ ਉਠਾ ਕੇ ਪੈਨਸ਼ਨ ਕੱਟੀ ਗਈ ਹੈ ਅਤੇ ਪੀਐਫ ਜਾਂ ਫੈਕਟਰੀ ਐਕਟ ਤਹਿਤ ਪੈਨਸ਼ਨ ਲੈਣ ਵਾਲਿਆਂ ਦੀ ਪੈਨਸ਼ਨ ਵੀ ਰੋਕ ਦਿੱਤੀ ਗਈ ਹੈ। ਐਨਾ ਹੀ ਨਹੀਂ ਵਿਭਾਗ ਵੱਲੋਂ ਜਿਉਂਦੇ ਬਜ਼ੁਰਗਾਂ ਨੂੰ ਮ੍ਰਿਤਕ ਐਲਾਨ ਕੇ ਉਨ੍ਹਾਂ ਦੀ ਪੈਨਸ਼ਨ ਵੀ ਕੱਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਮਾਣ ਭੱਤੇ ਦੇ ਰੂਪ ਵਿੱਚ ਬੁਢੇਪਾ ਪੈਨਸ਼ਨ ਦਿੱਤੀ ਜਾ ਰਹੀ ਹੈ ਪਰ ਸਰਕਾਰ ਹੁਣ ਇਸ ਨੂੰ ਆਰਥਿਕ ਆਧਾਰ ਬਣਾ ਕੇ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਪਿਛਲੇ ਇੱਕ ਮਹੀਨੇ ਤੋਂ ਇਸ ਮੁੱਦੇ ’ਤੇ ਸਰਗਰਮ ਹੈ ਅਤੇ ਸਰਕਾਰ ਵੱਲੋਂ ਪੈਨਸ਼ਨ ਧਾਰਕਾਂ ਨੂੰ ਨਿਆਂ ਦਿੱਤੇ ਜਾਣ ਤੱਕ ਲੋਕਾਂ ਦਾ ਸਾਥ ਦੇਵੇਗੀ। ਪਾਰਟੀ ਵੱਲੋਂ ਮੰਗ ਕੀਤੀ ਗਈ ਕਿ ਬੁਢੇਪਾ ਪੈਨਸ਼ਨ ਲਈ ਕਿਸੇ ਤਰ੍ਹਾਂ ਦੀ ਸ਼ਰਤ ਰੱਖੇ ਬਿਨਾਂ ਸਾਰੇ 60 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਸਨਮਾਨ ਨਾਲ ਪੈਨਸ਼ਨ ਦਿੱਤੀ ਜਾਵੇ।
ਇਸ ਪ੍ਰਦਰਸ਼ਨ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਤਰਫੋਂ ਅਰੁਣ ਕੁਮਾਰ ਸ਼ੱਕਰਵਾਲ, ਨੀਲਮ ਸੰਧੂ, ਗੁਰਭਜਨ ਸਿੰਘ ਮੁੰਝੇਲ, ਵਿਪਨ ਬਰਾੜ, ਵਿਪਨ, ਜੇ ਪਾਲ, ਰਾਮ ਕਰਨ ਸ਼ਰਮਾ, ਫਕੀਰ ਚੰਦ, ਧਰਮਪਾਲ ਆਦਿ ਨੇ ਸੰਬੋਧਨ ਕੀਤਾ।