ਪੱਤਰ ਪ੍ਰੇਰਕ
ਯਮੁਨਾਨਗਰ, 13 ਸਤੰਬਰ
ਇਥੇ ਸੂਰਿਆ ਪੰਡਤ ਦੇ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਫੁਆਰਾ ਚੌਕ ’ਤੇ ਸੂਰਿਆ ਪੰਡਤ ਦੀ ਦੇਹ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ। ਇਹ ਮਾਮਲਾ ਤਿੰਨ ਦਿਨ ਪਹਿਲਾਂ ਦਾ ਹੈ ਜਦੋਂ ਸੂਰਿਆ ਕਲੱਬ ਦਾ ਪ੍ਰਧਾਨ ਸੂਰਿਆ ਪੰਡਤ ਰਾਤ ਸਮੇਂ ਆਪਣੇ ਭਰਾ ਨਾਲ ਗਣਪਤੀ ਸਥਾਪਨਾ ਲਈ ਪੰਡਾਲ ਲਗਵਾ ਰਿਹਾ ਸੀ ਤਾਂ 20 ਗੁੰਡਿਆਂ ਨੇ ਉਸ ’ਤੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਗੰਭੀਰ ਜ਼ਖਮੀ ਸੂਰਿਆ ਪੰਡਤ ਨੂੰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਅੱਜ ਪੀਜੀਆਈ ਤੋਂ ਆਈ। ਹੱਤਿਆ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਸੈਕਟਰ-17 ਹੂਡਾ ਵਾਸੀ ਮਨੀਸ਼ ਦਾ ਹੱਥ ਹੈ ਜਿਸ ’ਤੇ ਪਹਿਲਾਂ ਹੀ 11 ਕੇਸ ਦਰਜ ਹਨ। ਉਹ ਆਪਣੀ ਬੇਗੁਨਾਹੀ ਲਈ ਸੂਰਿਆ ’ਤੇ ਹਲਫੀਆ ਬਿਆਨ ਦੇਣ ਲਈ ਦਬਾਅ ਪਾ ਰਿਹਾ ਸੀ। ਜਾਣਕਾਰੀ ਮੁਤਾਬਕ ਮਨੀਸ਼ ਜੇਲ੍ਹ ਤੋਂ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਦਾਖਲ ਹੈ। ਸੂਰਿਆ ਦੇ ਭਰਾ ਨੇ ਦੋਸ਼ ਲਗਾਇਆ ਕਿ ਉਸ ਨੇ ਹਸਪਤਾਲ ਵਿੱਚ ਹੀ ਆਪਣੇ ਦੋਸਤਾਂ ਨਾਲ ਮਿਲ ਕੇ ਹਮਲੇ ਦੀ ਸਾਜਿਸ਼ ਰਚੀ। ਪੁਲੀਸ ਨੇ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਵਿੱਚੋਂ ਤਿੰਨ ਨਾਬਾਲਿਗਾਂ ਦੀ ਭੂਮਿਕਾ ਨਜ਼ਰ ਨਹੀਂ ਆਈ। ਇਸ ਹੱਤਿਆ ਦੇ ਕੇਸ ਨੂੰ ਹੁਣ ਸੀਆਈਏ ਨੂੰ ਸੌਂਪ ਦਿੱਤਾ ਗਿਆ ਹੈ।