ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 20 ਜੂਨ
ਟਰਾਂਸਪੋਰਟਰਾਂ ਨੇ ਇਕੱਠੇ ਹੋ ਕੇ ਅੱਜ ਸਥਾਨਕ ਆਰਟੀਏ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਦਫ਼ਤਰ ਦੇ ਕਰਮਚਾਰੀਆਂ ਤੇ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨ ਦੇ ਨਾਂ ਤੇ ਦਲਾਲੀ ਕਰਨ ਦੇ ਦੋਸ਼ ਲਾਏ। ਉਨ੍ਹਾਂ ਆਰਟੀਏ ਸਕੱਤਰ ਰਮਿਤ ਯਾਦਵ ਨੂੰ ਸਪਸ਼ਟ ਕਿਹਾ ਕਿ ਕਰਮਚਾਰੀ 2-2 ਮਹੀਨੇ ਫਾਈਲਾਂ ਰੋਕੀ ਰੱਖਦੇ ਹਨ। ਅਜਿਹੇ ਭ੍ਰਿਸ਼ਟ ਕਰਮਚਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇ ਇਹ ਕਾਰਵਾਈ ਨਹੀਂ ਹੁੰਦੀ ਤਾਂ ਉਹ ਆਵਾਜਾਈ ਮੰਤਰੀ ਅਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ। ਅੰਬਾਲਾ ਸਿਟੀ ਟਰਾਂਸਪੋਰਟਰ ਐਸੋਸੀਏਸ਼ਨ ਦੇ ਪ੍ਰਧਾਨ ਦੇਵੀ ਰਾਮ ਸ਼ਰਮਾ ਨੇ ਕਿਹਾ ਕਿ ਆਰੀਟੀਏ ਦਫ਼ਤਰ ਦੇ ਕਰਮਚਾਰੀ ਖ਼ੁਦ ਕਹਿੰਦੇ ਹਨ ਕਿ ਦਲਾਲ ਦੇ ਜ਼ਰੀਏ ਆਉ। ਉਨ੍ਹਾਂ ਨੂੰ ਦਲਾਲ ਦੇ ਨਾਲ ਨਾਲ ਕਰਮਚਾਰੀਆਂ ਨੂੰ ਵੀ ਕਮਿਸ਼ਨ ਦੇਣਾ ਪੈਂਦਾ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਧੱਕੇ ਖਾਣੇ ਪੈਂਦੇ ਹਨ। 2-3 ਮਹੀਨੇ ਗੱਡੀ ਦੇ ਕਾਗ਼ਜ਼ ਹੀ ਤਿਆਰ ਨਹੀਂ ਕੀਤੇ ਜਾਂਦੇ।