ਪੱਤਰ ਪ੍ਰੇਰਕ
ਜੀਂਦ, 8 ਫਰਵਰੀ
ਸ਼ਹਿਰ ਦਾ ਬਿਜ਼ਨਸ ਰੋਡ ਅਤੇ ਪਾਣੀਪਤ ਜਾਣ ਵਾਲੀ ਮੁੱਖ ਸਫੀਦੋਂ ਰੋਡ ਉੱਤੇ ਕਈ ਦਿਨਾਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਰੋਸ਼ਨ ਕਰਨ ਲਈ ਅਤੇ ਸੜਕ ਦੇ ਵਿਚਕਾਰ ਲੱਗੇ ਹੋਏ ਖੰਭਿਆਂ ਨੂੰ ਲੈ ਕੇ ਇੱਥੇ ਟੀਮ ਜੀਂਦ ਸੁਧਾਰ ਦੇ ਮੈਂਬਰਾਂ ਨੇ ਮੁਜ਼ਾਹਰਾ ਕੀਤਾ। ਟੀਮ ਜੀਂਦ ਸੁਧਾਰ ਦੇ ਮੈਂਬਰ ਸੁਨੀਲ ਵਿਸਿਸ਼ਟ, ਰਵਿੰਦਰ, ਚੰਦਰ ਕਾਂਤ ਅੰਬਾਨੀ, ਸੁਸ਼ੀਲ ਕੁਮਾਰ, ਰਾਜਿੰਦਰ, ਵਰੁਣ ਬਜਾਜ, ਨਕੁਲ ਸ਼ਰਮਾ, ਅਮਿਤ ਕੁਮਾਰ, ਦੇਵ ਜਾਂਗੜਾ, ਹਰਿੰਦਰ ਕੁਮਾਰ, ਮਹਾਵੀਰ, ਹਵਾ ਸਿੰਘ, ਅਸ਼ੋਕ ਅਤੇ ਮੰਨੂ ਨੇ ਦੱਸਿਆ ਕਿ ਪਹਿਲਾਂ 4 ਕਰੋੜ ਰੁਪਏ ਤੋਂ ਵੱਧ ਰਾਸ਼ੀ ਖਰਚ ਕਰਕੇ ਸਫੀਦੋ ਰੋਡ ਦੇ ਵਿਚਕਾਰ 4 ਫੁੱਟ ਤੋਂ ਉੱਚੇ ਪੱਥਰ ਲਗਾ ਕੇ ਡਿਵਾਈਡਰ ਬਣਾਏ ਗਏ ਸੀ। ਇਸ ਨਾਲ ਪੈਸੇ ਦੀ ਬਰਬਾਦੀ ਕੀਤੀ ਗਈ। ਇਨ੍ਹਾਂ ਡਿਵਾਈਡਰਾਂ ਵਿੱਚ ਥਾਂ-ਥਾਂ ਕੱਟ ਛੱਡ ਦਿੱਤੇ ਗਏ ਸੀ ਜਿਸ ਕਾਰਨ ਦੁਰਘਟਨਾਵਾਂ ਦਾ ਡਰ ਖ਼ਦਸ਼ਾ ਸੀ। ਲੋਕਾਂ ਦੀ ਮੰਗ ਉੱਤੇ ਡੀਸੀ ਨਰੇਸ਼ ਨਰਵਾਲ ਨੇ ਇਹ ਡਿਵਾਈਡਰ ਤਾਂ ਹਟਾ ਦਿੱਤੇ ਪਰ ਉੱਥੇ ਲੱਗੇ ਸੜਕ ਦੇ ਵਿਚਕਾਰ ਖੰਭਿਆਂ ਨੂੰ ਹਟਾਇਆ ਨਹੀਂ ਗਿਆ। ਇਸ ਕਾਰਨ ਹੁਣ ਇਸ ਰੋਡ ਉੱਤੇ ਦੁਰਘਟਨਾਵਾਂ ਦਾ ਡਰ ਵਧ ਗਿਆ ਹੈ। ਟੀਮ ਜੀਂਦ ਸੁਧਾਰ ਨੇ ਮੰਗ ਕੀਤੀ ਕਿ ਸਫੀਦੋਂ ਰੋਡ ’ਤੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਸੜਕ ਦੇ ਵਿਚਕਾਰ ਖੜ੍ਹੇ ਖੰਭਿਆਂ ਨੂੰ ਹਟਾਇਆ ਜਾਵੇ।