ਚੰਡੀਗੜ੍ਹ, 8 ਅਪਰੈਲ
ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਜੇਲ੍ਹ ’ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਪੈਰੋਲ ਜਾਂ ਫਰਲੋ ’ਤੇ ਆਪਣੀ ਰਿਹਾਈ ਦੇ ਉਦੇਸ਼ ਨਾਲ ‘ਕੱਟੜ ਕੈਦੀਆਂ’ ਦੀ ਸ਼੍ਰੇਣੀ ’ਚ ਨਹੀਂ ਆਉਂਦਾ ਹੈ। ਜਸਟਿਸ ਰਾਜ ਮੋਹਨ ਸਿੰਘ ਦੀ ਅਦਾਲਤ ਨੇ ਪਟਿਆਲਾ ਦੇ ਵਸਨੀਕ ਪਰਮਜੀਤ ਸਿੰਘ ਸਹੋਲੀ ਵੱਲੋਂ ਦਾਖ਼ਲ ਉਸ ਅਰਜ਼ੀ ਦਾ ਨਬਿੇੜਾ ਕਰ ਦਿੱਤਾ ਜਿਸ ’ਚ ਗੁਰਮੀਤ ਰਾਮ ਰਹੀਮ ਸਿੰਘ ਨੂੰ ਫਰਵਰੀ ’ਚ ਦਿੱਤੀ ਗਈ ਫਰਲੋ ਨੂੰ ਚੁਣੌਤੀ ਦਿੱਤੀ ਗਈ ਸੀ। ਅਰਜ਼ੀ ਨੂੰ ਇਸ ਆਧਾਰ ’ਤੇ ਖਾਰਜ ਕਰ ਦਿੱਤਾ ਗਿਆ ਕਿ ਡੇਰਾ ਮੁਖੀ ਪਹਿਲਾਂ ਹੀ ਜੇਲ੍ਹ ਪਹੁੰਚ ਚੁੱਕਾ ਹੈ। ਡੇਰਾ ਮੁਖੀ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਹੈ। ਉਸ ਨੂੰ 7 ਫਰਵਰੀ ਨੂੰ ਗੁਰੂਗ੍ਰਾਮ ’ਚ ਆਪਣੇ ਪਰਿਵਾਰ ਨੂੰ ਮਿਲਣ ਲਈ ਤਿੰਨ ਹਫ਼ਤਿਆਂ ਦੀ ਫਰਲੋ ਦਿੱਤੀ ਗਈ ਸੀ। ਡੇਰਾ ਮੁਖੀ ਦੇ ਵਕੀਲਾਂ ’ਚੋਂ ਇਕ ਕਨਿਕਾ ਆਹੂਜਾ ਨੇ ਕਿਹਾ ਕਿ ਹਾਈ ਕੋਰਟ ਨੇ ਮੰਨਿਆ ਕਿ ਰਾਮ ਰਹੀਮ ‘ਕੱਟੜ ਕੈਦੀਆਂ’ ਦੀ ਸ਼੍ਰੇਣੀ ’ਚ ਨਹੀਂ ਆਉਂਦਾ ਹੈ। ਅਰਜ਼ੀਕਾਰ ਸਹੋਲੀ ਨੇ ਦਲੀਲ ਦਿੱਤੀ ਸੀ ਕਿ ਰਾਮ ਰਹੀਮ ਨੇ ਘਿਣਾਾਉਣਾ ਜੁਰਮ ਕੀਤਾ ਸੀ ਜਿਸ ਲਈ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਸ ਨੂੰ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ ਸੀ। -ਪੀਟੀਆਈ