ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 15 ਸਤੰਬਰ
ਖੇਤਰ ਦੇ ਪਿੰਡ ਸਾਹੂਵਾਲਾ ਫਸਟ ਵਿੱਚ ਝੁਲਸ ਰੋਗ ਨਾਲ ਨਰਮੇ ਦੀ ਸੈਂਕੜੇ ਏਕੜ ਫ਼ਸਲ ਬਰਬਾਦ ਹੋ ਰਹੀ ਹੈ। ਪਿੰਡ ਦੇ ਕਿਸਾਨਾਂ ਜਸਵੀਰ ਸਿੰਘ ਜੱਸਾ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਜਗਦੇਵ ਸਿੰਘ, ਜੀਤ ਸਿੰਘ, ਮੱਘਰ ਸਿੰਘ, ਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਨਰਮੇ ਦੀ ਫ਼ਸਲ ’ਤੇ ਝੁਲਸ ਰੋਗ ਦਾ ਐਨਾ ਕਹਿਰ ਹੋ ਗਿਆ ਹੈ ਕਿ ਨਰਮੇ ਦੀ ਫ਼ਸਲ ਕਾਲ਼ੀ ਹੋ ਕੇ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਜਾਪਦਾ ਹੈ ਕਿ ਏਕੜ ਵਿਚੋਂ ਇੱਕ ਕੁਇੰਟਲ ਝਾੜ ਵੀ ਨਹੀਂ ਨਿਕਲੇਗਾ।
ਝੁਲਸ ਰੋਗ ਨਾਲ ਨਰਮੇ ਦੀ ਫ਼ਸਲ ਨੂੰ ਹੋਏ ਨੁਕਸਾਨ ਕਰ ਕੇ ਕਿਸਾਨਾਂ ਨੂੰ ਭਾਰੀ ਘਾਟਾ ਪਵੇਗਾ। ਕਿਸਾਨਾਂ ਨੇ ਇਲਜ਼ਾਮ ਗਾਇਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਫ਼ਸਲ ਨੂੰ ਦੇਖਣ ਲਈ ਕੋਈ ਵੀ ਅਧਿਕਾਰੀ ਨਹੀਂ ਆਇਆ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ 40 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤਾਂਕਿ ਨੁਕਸਾਨ ਦੀ ਭਰਪਾਈ ਹੋ ਸਕੇ।