ਰਤਨ ਸਿੰਘ ਢਿੱਲੋਂ
ਅੰਬਾਲਾ, 16 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਅੰਬਾਲਾ ਸਿਟੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਨਾ ਮਿਲਣ ਤੇ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਭਰਨ ਵਾਲੇ ਜਸਬੀਰ ਮਲੌਰ ਅਤੇ ਹਿੰਮਤ ਸਿੰਘ ਨੂੰ ਮਨਾਉਣ ਲਈ ਦੀਪੇਂਦਰ ਹੁੱਡਾ ਅੰਬਾਲਾ ਪਹੁੰਚੇ। ਉਨ੍ਹਾਂ ਨਾਲ ਆਬਜ਼ਰਵਰ ਪ੍ਰਤਾਪ ਸਿੰਘ ਬਾਜਵਾ, ਹਰੀਸ਼ ਚੌਧਰੀ, ਅੰਬਾਲਾ ਤੋਂ ਸੰਸਦ ਮੈਂਬਰ ਵਰੁਣ ਚੌਧਰੀ ਅਤੇ ਅਸ਼ੋਕ ਮਹਿਤਾ ਵੀ ਮੌਜੂਦ ਸਨ।
ਸ੍ਰੀ ਹੁੱਡਾ ਪਹਿਲਾਂ ਜਸਬੀਰ ਮਲੌਰ ਦੇ ਘਰ ਪਹੁੰਚੇ ਅਤੇ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਪੂਰਾ ਮਾਣ-ਸਨਮਾਨ ਅਤੇ ਰੁਤਬਾ ਦਿੱਤਾ ਜਾਵੇਗਾ। ਸ੍ਰੀ ਮਲੌਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਭਾਜਪਾ ਨੂੰ ਸੱਤਾ ਵਿਚੋਂ ਬਾਹਰ ਕਰਨਾ ਹੈ, ਇਸ ਲਈ ਉਹ ਅੱਜ ਆਪਣੇ ਕਾਗਜ਼ ਵਾਪਸ ਲੈ ਕੇ ਨਿਰਮਲ ਸਿੰਘ ਨੂੰ ਜਿਤਾਉਣ ਲਈ ਪੂਰੀ ਵਾਹ ਲਾ ਦੇਣਗੇ।
ਇਸ ਮਗਰੋਂ ਸ੍ਰੀ ਹੁੱਡਾ ਦੀ ਟੀਮ ਹਿੰਮਤ ਸਿੰਘ ਦੇ ਘਰ ਪਹੁੰਚੀ। ਹਿੰਮਤ ਸਿੰਘ ਨੇ ਵੀ ਟੀਮ ਦਾ ਕਿਹਾ ਮੰਨਦਿਆਂ ਆਪਣੇ ਕਾਗਜ਼ ਅੱਜ ਆਖ਼ਰੀ ਦਿਨ ਵਾਪਸ ਲੈ ਲਏ। ਹਿੰਮਤ ਸਿੰਘ ਨੇ ਕਿਹਾ ਕਿ ਨਿਰਮਲ ਸਿੰਘ 40 ਹਜ਼ਾਰ ਵੱਧ ਵੋਟਾਂ ਲੈ ਕੇ ਜੇਤੂ ਰਹੇਗਾ। ਦੀਪੇਂਦਰ ਹੁੱਡਾ ਨੇ ਕਿਹਾ ਕਿ ਹਿੰਮਤ ਸਿੰਘ ਸਿੱਖ ਆਗੂ ਹਨ ਜਿਨ੍ਹਾਂ ਦੇ ਪਾਰਟੀ ਵਿਚ ਵਾਪਸ ਆਉਣ ਦਾ ਅਸਰ ਇੰਦਰੀ ਤੱਕ ਪਵੇਗਾ। ਨਿਰਮਲ ਸਿੰਘ ਨੇ ਕਿਹਾ ਕਿ ਜਸਬੀਰ ਮਲੌਰ ਅਤੇ ਹਿੰਮਤ ਸਿੰਘ ਪਾਰਟੀ ਦੇ ਵੱਡੇ ਨਾਂ ਹਨ ਜਿਨ੍ਹਾਂ ਦੇ ਸਾਥ ਨਾਲ ਉਨ੍ਹਾਂ ਦੀ ਜਿੱਤ ਯਕੀਨੀ ਹੈ।
ਹੈਰਾਨੀ ਦੀ ਗੱਲ ਹੈ ਕਿ ਦੀਪੇਂਦਰ ਹੁੱਡਾ ਬਾਗ਼ੀਆਂ ਨੂੰ ਮਨਾਉਣ ਲਈ ਅੰਬਾਲਾ ਸ਼ਹਿਰ ਤਾਂ ਪਹੁੰਚ ਗਏ ਪਰ ਅੰਬਾਲਾ ਕੈਂਟ ਵਿਧਾਨ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਰ ਕੇ ਆਜ਼ਾਦ ਚੋਣ ਲੜ ਰਹੀ ਨਿਰਮਲ ਸਿੰਘ ਦੀ ਬੇਟੀ ਚਿਤਰਾ ਸਰਵਾਰਾ ਨੂੰ ਮਨਾਉਣ ਨਹੀਂ ਪਹੁੰਚੇ।