ਟ੍ਰਿਬਿਊਨ ਨਿਊਜ਼ ਸਰਵਿਸ
ਕਰਨਾਲ, 30 ਨਵੰਬਰ
ਹਰਿਆਣਾ ਦੇ ਕੈਥਲ ’ਚ ਦੋ ਕਾਰਾਂ ਦੀ ਸਿੱਧੀ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਜ਼ਖ਼ਮੀ ਹੋ ਗਏ। ਇਹ ਹਾਦਸਾ ਅੱਜ ਸਵੇਰੇ 7 ਵਜੇ ਜ਼ਿਲ੍ਹੇ ਦੇ ਪਾਈ ਪਿੰਡ ਨੇੜੇ ਹੋਇਆ। ਹਾਦਸਾ ਉਸ ਸਮੇਂ ਹੋਇਆ ਜਦੋਂ ਆਈ-10 ਅਤੇ ਸਵਿਫਟ ਡਿਜ਼ਾਇਰ ਦੀ ਟੱਕਰ ਹੋ ਗਈ। ਆਈ-10 ਦੇ ਛੇ ਸਵਾਰ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੁੰਡਰੀ ਆ ਰਹੇ ਸਨ, ਜਦੋਂ ਕਿ ਡਿਜ਼ਾਇਰ ਵਿੱਚ ਚਾਰ ਸਵਾਰ ਕੁਰੂਕਸ਼ੇਤਰ ਤੋਂ ਕੈਥਲ ਦੇ ਮਲਹਾਰ ਪਿੰਡ ਜਾ ਰਹੇ ਸਨ।ਆਈ-10 ਵਿੱਚ ਸਫ਼ਰ ਕਰ ਰਹੇ ਚਾਰ ਮ੍ਰਿਤਕਾਂ ਦੀ ਪਛਾਣ ਬਰੇਲੀ ਦੇ ਵਸਨੀਕ ਸਤਿਅਮ (26), ਪੁੰਡਰੀ ਦੇ ਰਮੇਸ਼ (55), ਨਰਵਾਨਾ ਦੇ ਅਨਿਲ (55) ਅਤੇ ਹਿਸਾਰ ਦੇ ਸ਼ਿਵਮ (20) ਵਜੋਂ ਹੋਈ ਹੈ।
ਡਿਜ਼ਾਇਰ ਵਿੱਚ ਸਵਾਰ ਦੋ ਮ੍ਰਿਤਕਾਂ ਦੀ ਪਛਾਣ ਵਿਨੋਦ (34) ਅਤੇ ਪਤਨੀ ਰਾਜਬਾਲਾ (27) ਵਾਸੀ ਮਲਹਾਰ ਪਿੰਡ ਵਜੋਂ ਹੋਈ ਹੈ। ਉਨ੍ਹਾਂ ਦੇ ਪੁੱਤਰ ਵਿਰਾਜ (7) ਨੂੰ ਸੱਟਾਂ ਲੱਗੀਆਂ। ਮਲਹਾਰ ਪਿੰਡ ਦੀ ਸੋਨੀਆ ਨੂੰ ਵੀ ਸੱਟਾਂ ਲੱਗੀਆਂ। ਆਈ-10 ’ਚ ਸਵਾਰ ਪੁੰਡਰੀ ਦੇ ਸਤੀਸ਼ ਅਤੇ ਨਰਵਾਣਾ ਦੇ ਬਲਰਾਜ ਨੂੰ ਸੱਟਾਂ ਲੱਗੀਆਂ।