ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਜਨਵਰੀ
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਡਾਕਟਰਾਂ ਦੀ ਹੜਤਾਲ ਦੇ ਮੱਦੇਨਜ਼ਰ ਸੂਬੇ ਵਿੱਚ ਜ਼ਰੂਰੀ ਸੇਵਾਵਾਂ ਰੱਖ-ਰਖਾਅ ਕਾਨੂੰਨ (ਐਸਮਾ) ਲਾਗੂ ਕਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਧਰ ਡਾਕਟਰਾਂ ਦੀ ਹੜਤਾਲ ਕਾਰਨ ਸੂਬੇ ਵਿੱਚ ਸਿਹਤ ਸੇਵਾਵਾਂ ਠੱਪ ਰਹੀਆਂ ਅਤੇ ਓਪੀਡੀ ਬੰਦ ਰਹੀ। ਹਰਿਆਣਾ ਸਿਵਲ ਮੈਡੀਕਲ ਐਸੋਸੀਏਸ਼ਨ ਦੇ ਬੈਨਰ ਹੇਠ ਡਾਕਟਰਾਂ ਨੇ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਮੁਜ਼ਾਹਰਾ ਕੀਤਾ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਮੁਕੇਸ਼ ਨੇ ਦੱਸਿਆ ਕਿ ਜੇ ਦੋ ਦਿਨਾਂ ਵਿਚ ਮੰਗਾਂ ਬਾਰੇ ਸਰਕਾਰ ਨਾਲ ਕੋਈ ਸਹਿਮਤੀ ਨਾ ਬਣੀ ਤਾਂ 14 ਜਨਵਰੀ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ। ਡਾ. ਮੁਕੇਸ਼ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ 1800 ਸਪੈਸ਼ਲਿਸਟਾਂ ਦੀ ਜ਼ਰੂਰਤ ਹੈ, ਜਦੋਂਕਿ ਇਸ ਸਮੇਂ ਸਿਰਫ਼ 700 ਸਪੈਸ਼ਲਿਸਟ ਹੀ ਕੰਮ ਕਰ ਰਹੇ ਹਨ। ਕਰੋਨਾ ਤੇ ਓਮੀਕਰੋਨ ਦੇ ਵੱਧ ਰਹੇ ਕੇਸਾਂ ਕਰਕੇ ਪ੍ਰੇਸ਼ਾਨੀ ਹੋਰ ਵੱਧ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਡਾਕਟਰਾਂ ਦੀ ਕਮੀ ਪੂਰੀ ਕੀਤੀ ਜਾਵੇ, ਐੱਸਐੱਮਓ ਦੀ ਸਿੱਧੀ ਭਰਤੀ ਬੰਦ ਕੀਤੀ ਜਾਵੇ ਅਤੇ ਪਹਿਲਾਂ ਵਾਂਗ ਡਾਕਟਰਾਂ ਦਾ 40 ਫ਼ੀਸਦੀ ਕੋਟਾ ਬਹਾਲ ਕੀਤਾ ਜਾਵੇ। ਉਧਰ ਵਿੱਜ ਨੇ ਟਵੀਟ ਕੀਤਾ, ‘ਹਰਿਆਣਾ ਵਿਚ ਐਸਮਾ ਲਾਗੂ ਕਰ ਦਿੱਤਾ ਗਿਆ ਹੈ। ਸਿਹਤ ਕਰਮੀ ਹੁਣ ਛੇ ਮਹੀਨੇ ਤੱਕ ਹੜਤਾਲ ਨਹੀਂ ਕਰ ਸਕਣਗੇ। ਇਹ ਕਦਮ ਕਰੋਨਾ ਦੀ ਰੋਕਥਾਮ ਵਿਚ ਰੁਕਾਵਟ ਪੈਦਾ ਕਰਨ ਲਈ ਡਾਕਟਰਾਂ ਦੇ ਇਕ ਸਮੂਹ ਵੱਲੋਂ ਹੜਤਾਲ ’ਤੇ ਚਲੇ ਜਾਣ ਕਾਰਨ ਚੁੱਕਿਆ ਗਿਆ ਹੈ।’’
ਪੰਚਕੂਲਾ (ਪੱਤਰ ਪ੍ਰੇਰਕ): ਹਰਿਆਣਾ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਅੱਜ ਜਨਰਲ ਸਰਕਾਰੀ ਹਸਪਤਾਲ ਵਿੱਚ ਪੂਰਾ ਦਿਨ ਹੜਤਾਲ ਰਹੀ। ਸਾਰੇ ਡਾਕਟਰ ਓਪੀਡੀ ਦੇ ਬਾਹਰ ਇਕੱਠੇ ਹੋਏ ਅਤੇ ਸਰਕਾਰ ਦੇ ਢਿੱਲ-ਮੁੱਲ ਰਵੀਏ ਕਾਰਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਦੀ ਅਗਵਾਈ ਡਾਕਟਰ ਮਨਦੀਪ ਨੇ ਕੀਤੀ।