ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 26 ਅਪਰੈਲ
ਹਰਿਆਣਾ ਰਾਜ ਨਾਰਕੋਟਿਕ ਕੰਟਰੋਲ ਬਿਊਰੋ ਦੇ ਜਾਗਰੂਕਤਾ ਪ੍ਰੋਗਰਾਮ ਤੇ ਮੁੜ ਵਸੇਬਾ ਇੰਚਾਰਜ ਸਬ-ਇੰਸਪੈਕਟਰ ਡਾ. ਅਸ਼ੋਕ ਕੁਮਾਰ ਵਰਮਾ ਨੂੰ ਅੱਜ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਲੀਸ ਮੈਡਲ ਉਨ੍ਹਾਂ ਨੂੰ ਹਰਿਆਣਾ ਦੇ ਗਵਰਨਰ ਬੰਡਾਰੂ ਦੱਤਾਤ੍ਰੇਅ ਦੇ ਹੱਥੋਂ ਇੰਦਰਧਨੁਸ਼ ਆਡੀਟੋਰੀਅਮ ਸੈਕਟਰ-5 ਪੰਚਕੂਲਾ ਵਿੱਚ ਦਿੱਤਾ ਗਿਆ। ਇਸ ਮੈਡਲ ਦਾ ਐਲਾਨ ਗਣਤੰਤਰ ਦਿਵਸ ਮੌਕੇ ਸਾਲ 2020 ਵਿੱਚ ਕੀਤਾ ਗਿਆ ਸੀ। ਉਨ੍ਹਾਂ ਆਪਣਾ ਇਹ ਮੈਡਲ ਐੱਨਸੀਬੀ ਹਰਿਆਣਾ ਮੁਖੀ ਅੰਬਾਲਾ ਰੇਂਜ ਦੇ ਏਡੀਜੀਪੀ ਸ੍ਰੀਕਾਂਤ ਜਾਧਵ ਨੂੰ ਸਮਰਪਿਤ ਕੀਤਾ। ਡਾ. ਅਸ਼ੋਕ ਕੁਮਾਰ ਤੋਂ ਇਲਾਵਾ ਡੀਐੱਸਪੀ ਅੰਬਾਲਾ ਛਾਉਣੀ ਰਾਮ ਕੁਮਾਰ, ਐੱਸਐੱਚਓ ਅੰਬਾਲਾ ਸ਼ਹਿਰ ਇੰਸਪੈਕਟਰ ਰਾਮ ਕੁਮਾਰ, ਸਬ-ਇੰਸਪੈਕਟਰ ਰਵਿੰਦਰ ਕੁਮਾਰ, ਸਬ-ਇੰਸਪੈਕਟਰ ਰਮੇਸ਼ ਚੰਦਰ, ਸਬ-ਇੰਸਪੈਕਟਰ ਜੁਗਿੰਦਰ ਸਿੰਘ ਐੱਸਐੱਚਓ ਥਾਣਾ ਟਰੈਫ਼ਿਕ, ਆਨਰੇਰੀ ਇੰਸਪੈਕਟਰ ਰਾਮ ਕੁਮਾਰ ਅਤੇ ਮਹਿਲਾ ਸਬ-ਇੰਸਪੈਕਟਰ ਕੁਲਵਿੰਦਰ ਕੌਰ ਸ਼ਾਮਲ ਹਨ। ਇਨ੍ਹਾਂ ਸਾਰਿਆ ਨੂੰ ਅੱਜ ਐੱਸਪੀ ਅੰਬਾਲਾ ਜਸ਼ਨਦੀਪ ਸਿੰਘ ਰੰਧਾਵਾ ਨੇ ਬੁਲਾ ਕੇ ਉਤਸ਼ਾਹਿਤ ਕੀਤਾ।