ਪੱਤਰ ਪ੍ਰੇਰਕ
ਕਾਲਾਂਵਾਲੀ, 23 ਮਾਰਚ
ਖੇਤਰ ਦੇ ਪਿੰਡ ਹੱਸੂ ਵਿਖੇ ਸ਼ਹੀਦ ਯਾਦਗਾਰ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹਾਦਤ ਦਿਵਸ ’ਤੇ ਅੱਜ ਪਹਿਲਾ ਸ਼ਹੀਦ ਯਾਦਗਾਰੀ ਨਾਟਕ ਮੇਲਾ ਕਰਵਾਇਆ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਕਾਲਾਂਵਾਲੀ ਦੇ ਥਾਣਾ ਮੁਖੀ ਰਾਜਾ ਰਾਮ ਸਨ ਜਦਕਿ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਹਰਿਆਣਾ ਸਕੂਲ ਅਧਿਆਪਕ ਸੰਘ ਦੇ ਸੂਬਾ ਪ੍ਰਧਾਨ ਸੀਐਨ ਭਾਰਤੀ, ਮਾ. ਗੁਰਤੇਜ ਸਿੰਘ, ਸੇਵਾਮੁਕਤ ਅਧਿਆਪਿਕਾ ਸੁਖਵਿੰਦਰ ਕੌਰ ਸਨ। ਇਸ ਨਾਟਕ ਮੇਲੇ ਵਿੱਚ ਚੇਤਨਾ ਕਲਾ ਕੇਂਦਰ ਬਰਨਾਲਾ ਦੇ ਨਿਰਦੇਸ਼ਕ ਹਰਵਿੰਦਰ ਦੀਵਾਨਾ ਦੇ ਨਿਰਦੇਸ਼ਨ ਹੇਠ ਦੋ ਨਾਟਕ ‘ਛਿਪਣ ਤੋਂ ਪਹਿਲਾਂ’ ਅਤੇ ‘ਪੰਜਾਬ ਸਿਓਂ ਆਵਾਜ਼ਾਂ ਮਾਰਦਾ’ ਦਾ ਮੰਚਨ ਕੀਤਾ ਗਿਆ। ਨਾਟਕ ‘ਛਿਪਣ ਤੋਂ ਪਹਿਲਾਂ’ ਵਿੱਚ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਜ਼ਿੰਦਗੀ ਬਾਰੇ ਦੱਸਿਆ ਗਿਆ ਜਦਕਿ ‘ਪੰਜਾਬ ਸਿਓਂ ਆਵਾਜ਼ਾਂ ਮਾਰਦਾ’ ਵਿੱਚ ਮੌਜੂਦਾ ਕਿਸਾਨੀ ਸੰਕਟ ਦੀ ਪੇਸ਼ਕਾਰੀ ਕੀਤੀ ਗਈ। ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ ਨੇ ਕਿਸਾਨ ਸੰਘਰਸ਼ ਵਿੱਚ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਤਰਕਸ਼ੀਲ ਸੁਸਾਇਟੀ ਕਾਲਾਂਵਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਇਨਕਲਾਬੀ ਸਾਹਿਤ ਵੰਡਿਆ ਗਿਆ।