ਨਿਜੀ ਪੱਤਰ ਪ੍ਰੇਰਕ
ਅੰਬਾਲਾ, 20 ਜੁਲਾਈ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਮੇਵਾਤ ਜ਼ਿਲ੍ਹੇ ਦੇ ਤਾਵੜੂ ਕਸਬੇ ਵਿੱਚ ਖਣਨ ਮਾਫ਼ੀਆ ਵੱਲੋਂ ਟਿੱਪਰ ਹੇਠਾਂ ਦਰੜੇ ਡੀਐੱਸਪੀ ਸੁਰਿੰਦਰ ਸਿੰਘ ਦੇ ਕਾਤਲਾਂ ਨੂੰ ਫੜਨ ਲਈ ਪੁਲੀਸ ਚੱਪਾ ਚਾਪਾ ਛਾਣ ਰਹੀ ਹੈ। ਉਨ੍ਹਾਂ ਕਿਹਾ ਕਿ ਡੀਐੱਸਪੀ ਦੇ ਕਾਤਲਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਦੀਆਂ ਤਿੰਨ ਟੀਮਾਂ ਲਾਈਆਂ ਗਈਆਂ ਹਨ ਤੇ ਨੂਹ ਸਮੇਤ 3 ਜ਼ਿਲ੍ਹਿਆਂ ਦੇ ਐੱਸਪੀ ਤੇ ਉੱਚ ਅਧਿਕਾਰੀ ਟੀਮਾਂ ਦੀ ਅਗਵਾਈ ਕਰ ਰਹੇ ਹਨ। ਅੱਜ ਅੰਬਾਲਾ ਕੈਂਟ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਨਿਲ ਵਿੱਜ ਨੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੂੰ ਸਲਾਹ ਦਿੰਦਿਆਂ ਕਿਹਾ ਕਿ ਜਦੋਂ ਆਪਣੇ ਘਰ ਸ਼ੀਸ਼ੇ ਦੇ ਹੋਣ ਤਾਂ ਦੂਜਿਆਂ ਦੇ ਘਰ ਪੱਥਰ ਨਹੀਂ ਮਾਰਨੇ ਚਾਹੀਦੇ। ਉਨ੍ਹਾਂ ਕਿਹਾ ਕਿ ਖਣਨ ਦਾ ਧੰਦਾ ਕਾਂਗਰਸ ਦੇ ਸਮੇਂ ਤੋਂ ਹੀ ਚੱਲ ਰਿਹਾ ਹੈ, ਭਾਜਪਾ ਨੇ ਤਾਂ ਇਸ ’ਤੇ ਕਾਬੂ ਪਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਸਿਆਸਤ ਨਹੀਂ ਕਰਨੀ ਚਾਹੀਦੀ।