ਸਤਪਾਲ ਰਾਮਗੜ੍ਹੀਆ
ਪਿਹੋਵਾ, 2 ਨਵੰਬਰ
ਇੱਥੇ ਨੇੜੇ ਪਿੰਡ ਭੱਟ ਮਾਜਰਾ ਸਰਸਵਤੀ ਖੇੜਾ ਵਿੱਚ ਦੇਰ ਰਾਤ ਪਟਾਕਿਆਂ ਕਾਰਨ ਲੱਗੀ ਅੱਗ ਵਿੱਚ ਖੁੰਬਾਂ ਦੇ ਖੇਤ ਦਾ ਪਰਾਲੀ ਦਾ ਸ਼ੈੱਡ ਸੜ ਕੇ ਸੁਆਹ ਹੋ ਗਿਆ| ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਇਸ ਤੋਂ ਬਾਅਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਾਰੇ ਸ਼ੈੱਡ ਸੜ ਕੇ ਸੁਆਹ ਹੋ ਗਏ। ਪਿੰਡ ਭੱਟ ਮਾਜਰਾ ਦੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ 2014 ਤੋਂ ਖੁੰਬਾਂ ਦੀ ਪੈਦਾਵਾਰ ਦਾ ਕੰਮ ਕਰ ਰਿਹਾ ਹੈ। ਬੀਤੀ ਰਾਤ ਨੇੜੇ ਰਹਿੰਦੇ ਦੋ-ਤਿੰਨ ਲੜਕੇ ਮਸ਼ਰੂਮ ਫਾਰਮ ਨੇੜੇ ਪਟਾਕੇ ਚਲਾ ਰਹੇ ਸਨ। ਉਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੌਜਵਾਨਾਂ ਨੂੰ ਵਰਜਿਆ ਕਿ ਇਸ ਨਾਲ ਇੱਥੇ ਅੱਗ ਲੱਗ ਸਕਦੀ ਹੈ। ਇਸ ਨਾਲ ਉਹ ਨੌਜਵਾਨ ਨਾਰਾਜ਼ ਹੋ ਗਏ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਸਮੇਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਸ਼ੈੱਡ ਵੱਲ ਦੂਰ ਤੋਂ ਆਤਿਸ਼ਬਾਜ਼ੀਆਂ ਛੱਡੀਆਂ। ਇਸ ਕਾਰਨ ਸ਼ੈੱਡ ਨੂੰ ਅੱਗ ਲੱਗ ਗਈ। ਲਖਵਿੰਦਰ ਅਨੁਸਾਰ ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ ਉਹ ਖੁਦ ਵੀ ਝੁਲਸ ਗਿਆ। ਉਸ ਦਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਨ੍ਹਾਂ ਸ਼ੈੱਡਾਂ ਵਿੱਚੋਂ ਲੱਖਾਂ ਰੁਪਏ ਦੇ ਖੁੰਬਾਂ ਨੂੰ ਕਰੀਬ ਇੱਕ ਮਹੀਨੇ ਵਿੱਚ ਕੱਢਿਆ ਜਾਣਾ ਸੀ। ਉਹ ਵੀ ਅੰਦਰੋਂ ਨਸ਼ਟ ਹੋ ਗਏ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਅਤੇ ਨਾਲ ਹੀ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ।