ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਸਤੰਬਰ
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਪੀਯੂਸ਼, ਹਰਮਨਜੀਤ ਕੌਰ ਤੇ ਹਰਸ਼ਪ੍ਰੀਤ ਕੌਰ ਨੇ ਹਰਿਆਣਾ ਸਟੇਟ ਸਾਇੰਸ ਇਨੋਵੇਸ਼ਨ ਐਂਡ ਟੈਕਨਾਲੋਜੀ ਕੌਂਸਲ ਹਰਿਆਣਾ ਵਲੋਂ ਕਰਵਾਏ ਗਏ ਕੁਇਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ੋਨ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਆਪਣੀ ਥਾਂ ਬਣਾਈ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦਿੰਦਿਆਂ ਦੱਸਿਆ ਕਿ ਕੁਰੂਕਸ਼ੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀ ਦਾਸ ਪੁਰਾ ਵਿੱਚ ਕਰਵਾਏ ਗਏ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੇ 75 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰਤੀਯੋਗਤਾ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੇ ਪੰਜ ਸਥਾਨਾਂ ’ਤੇ ਆਪਣੀ ਪੁਜੀਸ਼ਨ ਬਣਾਈ।ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ’ਤੇ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਉਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਤੇ ਹੋਰ ਗਤੀਵਿਧੀਆਂ ਨਾਲ ਸਬੰਧਤ ਚੀਜ਼ਾਂ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ। ਇਸ ਲਈ ਉਨ੍ਹਾਂ ਨੂੰ ਗਿਆਨ ਵਿਗਿਆਨ ਦੀਆਂ ਅਜਿਹੀਆਂ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਕੂਲ ਕਮੇਟੀ ਦੇ ਪ੍ਰਬੰਧਕ ਮਨੋਜ ਭਸੀਨ, ਮੀਤ ਪ੍ਰਿੰਸੀਪਲ ਸਤਬੀਰ ਸਿੰਘ, ਸਾਇੰਸ ਅਧਿਆਪਕ ਰਾਜਬੀਰ ਸਿੰਘ, ਅਰੁਣ ਰਾਣੀ ਤੋਂ ਇਲਾਵਾ ਸਟਾਫ ਮੈਂਬਰ ਮੌਜੂਦ ਸਨ।