ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 12 ਜੁਲਾਈ
ਇਲਾਕੇ ਦੇ ਪਿੰਡ ਔਢਾਂ ’ਚ ਅੱਜ ਸਵੇਰੇ ਪਏ ਭਾਰੀ ਮੀਂਹ ਕਾਰਨ ਗਊਸ਼ਾਲਾ ਵਿਚਲਾ ਛੱਪੜ ਓਵਰਫਲੋ ਹੋ ਗਿਆ। ਇਸ ਦਾ ਪਾਣੀ ਵਾਰਡ ਨੰਬਰ-2, 3 ਅਤੇ 7 ਦੇ ਘਰਾਂ ਵਿੱਚ ਵੜ ਗਿਆ। ਵਾਰਡ ਵਾਸੀ ਮਦਨ ਗੋਦਾਰਾ, ਗੁਰਦਿੱਤ ਸਿੰਘ, ਪਿਆਰਾ ਸਿੰਘ, ਬੰਤਾ ਸਿੰਘ, ਕਾਲਾ ਸਿੰਘ, ਰਾਮਪ੍ਰਤਾਪ ਗੋਦਾਰਾ, ਸੁਖਵਿੰਦਰ ਸਿੰਘ, ਚਮਕੌਰ ਸਿੰਘ, ਕ੍ਰਿਸ਼ਨ ਲਵਲੀ, ਲਾਭ ਰਾਮ ਗਰਗ, ਗੁਰਚਰਨ ਸਿੰਘ ਆਦਿ ਨੇ ਦੱਸਿਆ ਕਿ ਗਊਸ਼ਾਲਾ ਦੇ ਛੱਪੜ ਵਿੱਚ ਮੀਂਹ ਪਾਣੀ ਇਕੱਠਾ ਕੀਤਾ ਜਾਂਦਾ ਹੈ। ਉਹ ਪਾਣੀ ਪੰਪ ਨਾਲ ਚੁੱਕ ਕੇ ਪੰਚਾਇਤੀ ਜ਼ਮੀਨ ਵਿੱਚ ਛੱਡਿਆ ਜਾਂਦਾ ਹੈ। ਪੁਰਾਣੀ ਅਨਾਜ ਮੰਡੀ ਇਲਾਕੇ ਦਾ ਸਾਰਾ ਬਰਸਾਤੀ ਪਾਣੀ ਇਸ ਛੱਪੜ ਵਿੱਚ ਜਾਂਦਾ ਹੈ ਪਰ ਇਸ ਦਾ ਬੋਰ ਤੇ ਪੰਪ ਲੰਮੇ ਸਮੇਂ ਤੋਂ ਬੰਦ ਪਿਆ ਹੈ ਅਤੇ ਨਾ ਹੀ ਛੱਪੜ ਦੀ ਸਫ਼ਾਈ ਕੀਤੀ ਗਈ ਹੈ। ਇਸ ਕਾਰਨ ਕਈ ਘਰ ਨੁਕਸਾਨੇ ਗਏ ਹਨ। ਵਾਰਡ ਵਾਸੀਆਂ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਉਨ੍ਹਾਂ ਬੀਡੀਪੀਓ ਔਢਾਂ ਨੂੰ ਲਿਖਤੀ ਤੌਰ ’ਤੇ ਛੱਪੜ ਦੀ ਸਫ਼ਾਈ ਦੀ ਬੇਨਤੀ ਕੀਤੀ ਸੀ।
ਇਸ ਦੌਰਾਨ ਲੋਕਾਂ ਨੇ ਇਕੱਠੇ ਹੋ ਕੇ ਬੀਡੀਪੀਓ ਦਫ਼ਤਰ ਦਾ ਘਿਰਾਓ ਕੀਤਾ। ਇਸ ਮਗਰੋਂ ਪਿੰਡ ਸਕੱਤਰ ਵਿਜੇ ਕੁਮਾਰ ਤੇ ਹੋਰ ਮੁਲਾਜ਼ਮ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਅੱਜ ਪੰਪ ਲਗਾ ਕੇ ਛੱਪੜ ਦਾ ਪਾਣੀ ਪੰਚਾਇਤੀ ਜ਼ਮੀਨ ਵਿੱਚ ਛੱਡਿਆ ਜਾਵੇਗਾ।