ਪੱਤਰ ਪ੍ਰੇਰਕ
ਮਾਨਸਾ, 11 ਜੁਲਾਈ
ਘੱਗਰ ਵਿੱਚ ਸਵੇਰੇ-ਸ਼ਾਮ ਚੜ੍ਹ ਰਹੇ ਪਾਣੀ ਕਾਰਨ ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨਾਂ ਤੋਂ ਵੱਧ ਪਿੰਡਾਂ ਦੇ ਲੋਕਾਂ ਵਿਚ ਲਗਾਤਾਰ ਸਹਿਮ ਬਣਨ ਲੱਗਿਆ ਹੈ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਪਾਣੀ ਦੇ ਡਰ ਨੂੰ ਵੇਖਦਿਆਂ ਪਹਿਰੇਦਾਰੀ ਸ਼ੁਰੂ ਕਰ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਵੀ ਘੱਗਰ ਦੇ ਕਨਿਾਰੇ ਖੁਰ ਸਕਦੇ ਹਨ। ਬੇਸ਼ੱਕ ਪੁਲੀਸ ਅਧਿਕਾਰੀਆਂ ਵੱਲੋਂ ਦਿਨ-ਰਾਤ ਦੀ ਗਸ਼ਤ ਜਾਰੀ ਹੈ ਅਤੇ ਚਾਂਦਪੁਰਾ ਬੰਨ੍ਹ ਨੇੜੇ ਆਰਜ਼ੀ ਚੌਕੀ ਕਾਇਮ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਵੀ ਲੋਕਾਂ ਦੇ ਹੌਸਲੇ ਪਸਤ ਹੋਣ ਲੱਗੇ ਹਨ।
ਬੁਢਲਾਡਾ ਦੇ ਵਿਧਾਇਕ ਅਤੇ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਜ਼ਿਲ੍ਹੇ ਦੇ ਚਾਰ ਦਰਜਨਾਂ ਪਿੰਡਾਂ ਦੀ ਜਾਨ-ਮਾਲ ਦੀ ਰਾਖੀ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਬੰਦੋਬਸਤ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਹਿਮਾਚਲ ਅਤੇ ਪਹਾੜਾਂ ਵਿੱਚ ਹੋਰ ਜ਼ਿਆਦਾ ਮੀਂਹ ਨਹੀਂ ਪੈਦਾ ਹੈ ਤਾਂ ਬੰਨ੍ਹਾਂ ਦੇ ਟੁੱਟਣ ਲਈ ਕੋਈ ਖ਼ਤਰਾ ਖੜ੍ਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬੰਨ੍ਹਾਂ ਦੀ ਮਜ਼ਬੂਤੀ ਲਈ ਸਰਕਾਰ ਵੱਲੋਂ ਫੰਡ ਭੇਜੇ ਜਾ ਰਹੇ ਹਨ।
ਇਸੇ ਦੌਰਾਨ ਪਿੰਡ ਕੁਲਰੀਆਂ, ਗੋਰਖਨਾਥ, ਜੁਗਲਾਨ, ਮੰਡੇਰ, ਭਾਵਾ ਦੇ ਲੋਕਾਂ ਵੱਲੋਂ ਪਹਿਰੇਦਾਰੀ ਆਰੰਭ ਕਰ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਚਾਂਦਪੁਰਾ ਬੰਨ੍ਹ ਉਪਰ ਗੋਤਾਖੋਰ ਭੇਜੇ ਜਾਣ, ਫੰਡ ਜਾਰੀ ਕੀਤਾ ਜਾਵੇ, ਵਾਟਰ ਪਰੂਫ਼ ਜੈਕਟਾਂ ਅਤੇ ਜੇਸੀਬੀ ਮਸ਼ੀਨਾਂ ਭੇਜਣ ਦੀ ਤੁਰੰਤ ਲੋੜ ਹੈ।
ਉਧਰ, ਡੀਸੀ ਰਿਸ਼ੀਪਾਲ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜ੍ਹਾਂ ਦੀ ਸਥਿਤੀ ਵਿੱਚ ਹਰੇਕ ਅਧਿਕਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਏ। ਉਨ੍ਹਾਂ ਵੱਲੋਂ ਕਿਸੇ ਨੂੰ ਵੀ ਸਟੇਸ਼ਨ ਨਾ ਛੱਡਣ ਦੇ ਆਦੇਸ਼ ਦਿੱਤੇ ਗਏ ਹਨ।
ਉਧਰ, ਬਹੁਤੇ ਮਹਿਕਮਿਆਂ ਦੇ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਇਸ ਔਖੀ ਘੜੀ ਵਿੱਚ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਲਈ ਉਨ੍ਹਾਂ ਕੋਲ ਵੱਖਰੇ ਤੌਰ ’ਤੇ ਕੋਈ ਫੰਡ ਨਹੀਂ ਹਨ, ਸਗੋਂ ਲੋੜ ਪੈਣ ’ਤੇ ਉਧਾਰ-ਸੁਧਾਰ ਨਾਲ ਗੱਡੀ ਰੋੜੀ ਜਾ ਸਕਦੀ ਹੈ। ਇਹ ਵੀ ਪਤਾ ਲੱਗਿਆ ਡਰੇਨਜ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਬਹੁਤੀਆਂ ਡਰੇਨਾਂ ਦੀ ਸਫ਼ਾਈ ਕਰਵਾਈ ਹੀ ਨਹੀਂ ਹੈ ਅਤੇ ਜੇ ਕਿਤੇ ਸ਼ੁਰੂ ਵੀ ਕੀਤੀ ਗਈ ਹੈ ਤਾਂ ਉਹ ਫੰਡਾਂ ਦੀ ਘਾਟ ਕਾਰਨ ਅੱਧ-ਵਿਚਾਲੇ ਹੀ ਰਹਿ ਗਈ ਹੈ।
ਕਿਸਾਨਾਂ ਵੱਲੋ ਅੱਧ-ਪੱਕੀ ਝੋਨੇ ਦੀ ਫ਼ਸਲ ਵੱਢਣੀ ਸ਼ੁਰੂ
ਏਲਨਾਬਾਦ (ਪੱਤਰ ਪ੍ਰੇਰਕ): ਪੰਜਾਬ,ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਨਾਲ ਇਸ ਖੇਤਰ ਵਿੱਚੋਂ ਨਿਕਲਣ ਵਾਲੀ ਘੱਗਰ ਨਦੀ ਵਿੱਚ ਪਾਣੀ ਦਾ ਵਹਾਅ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਨਦੀ ਦੇ ਅੰਦਰ ਖੇਤੀ ਕਰਨ ਵਾਲੇ ਕਿਸਾਨ ਅਤੇ ਆਸਪਾਸ ਦੇ ਪਿੰਡਾਂ ਓਟੂ,ਧਨੂਰ, ਅਬੂਤਗੜ੍ਹ, ਝੋਰੜਨਾਲੀ, ਫਿਰੋਜ਼ਾਬਾਦ, ਕੁੱਤਾਵੱਢ, ਰੱਤਾਖੇੜਾ, ਹਿਮਾਯੂਖੇੜਾ, ਕਿਰਪਾਲ ਪੱਟੀ, ਮੌਜੂਖੇੜਾ, ਅੰਮ੍ਰਿਤਸਰ, ਬੁੱਢੀਮਾੜੀ,ਮਿਰਜ਼ਾਪੁਰ, ਥੇੜ ਸ਼ਹੀਦਾਂ, ਮੰਜ਼ਲ ਥੇੜ, ਨਗਰਾਨਾ, ਕਰੀਵਾਲਾ, ਵਣੀ ਅਤੇ ਨਕੌੜਾ ਸਮੇਤ ਕਰੀਬ ਦੋ ਦਰਜਨ ਪਿੰਡਾਂ ਦੇ ਲੋਕ ਚਿੰਤਤ ਹਨ। ਨਦੀ ਵਿੱਚ ਪਾਣੀ ਵਧਣ ਦੇ ਡਰ ਕਾਰਨ ਕਈ ਕਿਸਾਨਾਂ ਨੇ ਆਪਣੀ ਝੋਨੇ ਦੀ ਅੱਧ ਪੱਕੀ ਫ਼ਸਲ ਹੀ ਵੱਢਣੀ ਸ਼ੁਰੂ ਕਰ ਦਿੱਤੀ ਹੈ। ਨਦੀ ਵਿੱਚ ਆ ਰਹੀ ਕੇਲੀ ਪਾਣੀ ਦੇ ਵਹਾਅ ਵਿੱਚ ਵੱਡੀ ਰੁਕਾਵਟ ਪੈਦਾ ਕਰ ਰਹੀ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਦੀ ਲਾਪ੍ਰਵਾਹੀ ਦਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਘੱਗਰ ਵਿੱਚ ਪਾਣੀ ਦਾ ਪੱਧਰ ਵਧਿਆ, ਓਟੂ ਝੀਲ ਦੇ ਸਾਰੇ ਗੇਟ ਖੋਲ੍ਹੇ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਘੱਗਰ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਓਟੂ ਝੀਲ ਦੇ ਸਾਰੇ ਗੇਟ ਖੋਲ੍ਹ ਕੇ ਝੀਲ ਨੂੰ ਖਾਲੀ ਕਰ ਦਿੱਤਾ ਹੈ। ਓਟੂ ਝੀਲ ’ਚ ਭਲਕੇ ਤੱਕ ਦਸ ਹਜ਼ਾਰ ਕਿਊਸਿਕ ਪਾਣੀ ਆਉਣ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਆਸ ਲਾਇਆ ਗਿਆ ਹੈ ਜਿਸ ਦੇ ਚਲਦਿਆਂ ਘੱਗਰ ਦੇ ਬੰਨ੍ਹਾਂ ਨੂੰ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ। ਘੱਗਰ ਦੇ ਪਾਣੀ ਦੀ ਨਿਗਰਾਨੀ ਲਈ 24 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਘੱਗਰ ਦੇ ਕੰਢੇ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਠੀਕਰੀ ਪਹਿਰਾ ਲਾਉਣ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਿਰਦੇਸ਼ ਦਿੱਤੇ ਗਏ ਹਨ। ਸਿੰਜਾਈ ਵਿਭਾਗ ਦੇ ਐਕਸੀਅਨ ਅਜੀਤ ਸਿੰਘ ਹੁੱਡਾ ਨੇ ਦੱਸਿਆ ਹੈ ਕਿ ਹੜ੍ਹ ਨੂੰ ਟਾਲਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਹਨ। ਉਨ੍ਹਾਂ ਦੱਸਿਆ ਕਿ ਜੇ ਘੱਗਰ ’ਚ ਜ਼ਿਆਦਾ ਪਾਣੀ ਆਉਂਦਾ ਹੈ ਤਾਂ ਓਟੂ ਝੀਲ ਦੇ ਗੇਟਾਂ ਨੂੰ ਮੁੜ ਤੋਂ ਖੋਲ੍ਹ ਦਿੱਤਾ ਜਾਵੇਗਾ।