ਪੱਤਰ ਪ੍ਰੇਰਕ
ਏਲਨਾਬਾਦ, 13 ਜੁਲਾਈ
ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ਦੇ ਇਲਾਕੇ ਵਿੱਚ ਪਿਛਲੇ 5 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਅੱਜ ਸ਼ਹੀਦ ਊਧਮ ਸਿੰਘ ਚੌਕ ਵਿੱਚ ਜਾਮ ਲਗਾ ਦਿੱਤਾ। ਇਸ ਦੌਰਾਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਇਕੱਠੇ ਹੋਏ ਕੌਂਸਲਰ ਸੱਤਿਆ ਨਰਾਇਣ ਪਾਂਡੀਆ, ਬੇਅੰਤ ਸਿੰਘ ਔਲਖ, ਮਲੂਕ ਸਿੰਘ, ਜਗਮੀਤ ਸਿੰਘ, ਸਤਨਾਮ ਸਿੰਘ, ਜਸਵੀਰ ਸਿੰਘ, ਬਲਦੇਵ ਸਿੰਘ, ਬਲੀ ਸਿੰਘ ਲਖਵੀਰ ਸਿੰਘ, ਕਾਕਾ ਸਿੰਘ, ਬੀਰਾ ਸਿੰਘ, ਜਸਪਾਲ ਸਿੰਘ ਤੇ ਲਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਊਧਮ ਸਿੰਘ ਚੌਕ ਨੇੜੇ ਸ਼ਹੀਦ ਭਗਤ ਸਿੰਘ ਕਲੋਨੀ, ਸਬਜ਼ੀ ਮੰਡੀ, ਠੋਬਰੀਆ ਰੋਡ, ਤਲਵਾੜਾ ਰੋਡ ਦਾ ਇਲਾਕਾ ਢਾਣੀ ਬਚਨ ਸਿੰਘ ਗਰਾਮ ਪੰਚਾਇਤ ਅਧੀਨ ਆਉਂਦਾ ਹੈ। ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਜਨ ਸਿਹਤ ਵਿਭਾਗ ਵੱਲੋਂ ਇੱਕ ਬੋਰ ਲਗਾਇਆ ਗਿਆ ਹੈ। ਜਿਸ ਦੀ ਮੋਟਰ ਪਿਛਲੇ 5 ਦਿਨਾਂ ਤੋਂ ਖਰਾਬ ਹੈ। ਇਸ ਸਬੰਧੀ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕਰ ਚੁੱਕੇ ਹਨ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਵਿਭਾਗ ਦੇ ਜੇਈ ਸ੍ਰੀ ਭਗਵਾਨ ਨੇ ਆਪਣਾ ਫੋਨ ਵੀ ਬੰਦ ਕਰ ਦਿੱਤਾ ਹੈ ਅਤੇ ਵਿਭਾਗ ਦੇ ਐੱਸਡੀਓ ਵੀ ਛੁੱਟੀ ’ਤੇ ਗਏ ਹੋਏ ਹਨ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ 500 ਘਰਾਂ ਵਿੱਚ 5 ਦਿਨਾਂ ਤੋਂ ਪੀਣ ਲਈ ਪਾਣੀ ਨਹੀਂ ਆ ਰਿਹਾ, ਜਿਸ ਕਾਰਨ ਉਹ ਦੂਰ ਤੋਂ ਪਾਣੀ ਲਿਆਉਣ ਲਈ ਮਜਬੂਰ ਹਨ। ਦੂਜੇ ਪਾਸੇ ਜਾਮ ਦੀ ਸੂਚਨਾ ਮਿਲਦਿਆਂ ਹੀ ਥਾਣਾ ਇੰਚਾਰਜ ਸੁਰੇਸ਼ ਕੁਮਾਰ, ਟਰੈਫਿਕ ਇੰਚਾਰਜ ਸੁਭਾਸ਼ ਚੰਦਰ ਤੇ ਮਹਿਲਾ ਕਾਂਸਟੇਬਲ ਪ੍ਰੀਤੀ ਸਣੇ ਟੀਮ ਮੌਕੇ ’ਤੇ ਪੁੱਜੇ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇੱਕ ਘੰਟੇ ਵਿੱਚ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਮਗਰੋਂ ਲੋਕਾਂ ਨੇ ਜਾਮ ਖੋਲ੍ਹ ਦਿੱਤਾ। ਦੂਜੇ ਪਾਸੇ ਜਨ ਸਿਹਤ ਵਿਭਾਗ ਦੇ ਐੱਸਡੀਓ ਰਾਮਰੱਖਾ ਨੇ ਕਿਹਾ ਕਿ ਛੇਤੀ ਹੀ ਨਵੀਂ ਮੋਟਰ ਪਾ ਕੇ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।