ਕੇਕੇ ਬਾਂਸਲ
ਰਤੀਆ, 20 ਜੂਨ
ਬੀਤੀ ਰਾਤ ਪੰਜਾਬ ਇਲਾਕੇ ਤੋਂ ਪਿਕਅੱਪ ਗੱਡੀ ਸਵਾਰ ਨੌਜਵਾਨਾਂ ਵੱਲੋਂ ਦੋ ਦੁਧਾਰੂ ਮੱਝਾਂ ਅਤੇ ਪਸ਼ੂ ਚੋਰੀ ਕਰਕੇ ਰਤੀਆ ਇਲਾਕੇ ਵਿਚ ਆਉਣ ਦੀ ਸੂਚਨਾ ਉਪਰੰਤ ਪੂਰੀ ਰਾਤ ਕਈ ਪਿੰਡਾਂ ਵਿਚ ਗੱਡੀ ਨੂੰ ਫੜਨ ਲਈ ਪਿੰਡ ਵਾਸੀਆਂ ਅਤੇ ਗੱਡੀ ਡਰਾਈਵਰ ਦੇ ਵਿਚਕਾਰ ਫ਼ਿਲਮੀ ਅੰਦਾਜ਼ ਵਾਂਗ ਅੱਖ ਮਿਚੋਲੀ ਦਾ ਖੇਡ ਚੱਲਦਾ ਰਿਹਾ। ਪੂਰੀ ਰਾਤ ਚੱਲੇ ਇਸ ਨਜਾਰੇ ਉਪਰੰਤ ਆਖਿਰਕਾਰ ਪਿਕਅੱਪ ਗੱਡੀ ਸਵਾਰ ਲੋਕਾਂ ਨੂੰ ਚੋਰੀ ਕੀਤੇ ਪਸ਼ੂਆਂ ਨੂੰ ਗੱਡੀ ਸਮੇਤ ਹੀ ਛੱਡ ਕੇ ਭੱਜਣਾ ਪਿਆ। ਬਾਅਦ ਵਿਚ ਲੋਕਾਂ ਨੇ ਪੁਲੀਸ ਨੂੰ ਸੂਚਨਾ ਦੇ ਕੇ ਸਬੰਧਤ ਗੱਡੀ ਅਤੇ ਪਸ਼ੂ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਅਤੇ ਇਸ ਦੀ ਸੂਚਨਾ ਪੰਜਾਬ ਖੇਤਰ ਵਿਚ ਦੇ ਦਿੱਤੀ। ਪੁਲੀਸ ਇਸ ਮਾਮਲੇ ਸਬੰਧੀ ਪੂਰੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਪੰਜਾਬ ਤੋਂ ਕੁੱਝ ਨੌਜਵਾਨ ਪਿਕਅੱਪ ਗੱਡੀ ਰਾਹੀਂ ਦੁਧਾਰੂ ਪਸ਼ੂਚੋਰੀ ਕਰਕੇ ਹਰਿਆਣਾ ਵੱਲ ਵੜ ਗਏ। ਇਸ ਚੋਰੀ ਦੀ ਸੂਚਨਾ ਜਦੋਂ ਪਸ਼ੂਆਂ ਦੇ ਮਾਲਕ ਨੂੰ ਲੱਗੀ ਤਾਂ ਉਨ੍ਹਾਂ ਰਤੀਆ ਇਲਾਕੇ ਵਿਚ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਦੱਸ ਦਿੱਤਾ। ਮਗਰੋਂ ਇਨ੍ਹਾਂ ਲੋਕਾਂ ਨੇ ਰਤੀਆ ਖੇਰਤ ਵਿਚ ਨਾਕੇ ਲਗਾ ਦਿੱਤੇ। ਲੋਕਾਂ ਨੇ ਦੱਸਿਆ ਕਿ ਰਾਤ ਨੂੰ ਜਦੋਂ ਪਿੰਡ ਦੀਆਂ ਸੜਕਾਂ ਤੇ ਨਾਕੇ ਲਗਾਏ ਗਏ ਤਾਂ ਪਿਕਅੱਪ ਗੱਡੀ ਚਾਲਕ ਨੇ ਆਪਣੀ ਗੱਡੀ ਨੂੰ ਪਿੰਡ ਫੁਲਾਂ, ਰੱਤਾਖੇੜਾ, ਜੱਲੋਪੁਰ, ਲਾਲਵਾਸ ਆਦਿ ਪਿੰਡਾਂ ਵੱਲ ਮੋੜ ਦਿੱਤਾ, ਇਸ ਉਪਰੰਤ ਵੀ ਉਨ੍ਹਾਂ ਦੀਆਂ ਗੱਡੀਆਂ ਨੇ ਵੀ ਪਿਕਅੱਪ ਦਾ ਪਿੱਛਾ ਕੀਤਾ। ਉਨ੍ਹਾਂ ਦੱਸਿਆ ਕਿ ਰਾਤ ਭਰ ਸੜਕਾਂ ’ਤੇ ਹੀ ਗੱਡੀਆਂ ਦੌੜਦੀਆਂ ਰਹੀਆਂ, ਪਰ ਪਿਕਅੱਪ ਗੱਡੀ ਸਵਾਰ ਨੌਜਵਾਨ ਉਨ੍ਹਾਂ ਦੇ ਹੱਥ ਨਹੀਂ ਲੱਗਿਆ। ਲੋਕਾਂ ਨੇ ਦੱਸਿਆ ਕਿ ਜਦੋਂ ਉਹ ਪਿੰਡ ਅਲਾਵਲਵਾਸ ਹੁੰਦੇ ਹੋਏ ਬਾਈਪਾਸ ਰਾਹੀਂ ਪਿੰਡ ਬੁਰਜ ਅਤੇ ਐੱਮਸੀ ਸੋਤਰ ਵੱਲ ਜਾ ਰਹੇ ਸੀ ਤਾਂ ਉਹ ਗਲਤ ਰਸਤੇ ਵਿਚ ਪੈ ਗਏ ਅਤੇ ਪਿੱਛੋਂ ਗੱਡੀ ਨੂੰ ਆਉਂਦੀ ਦੇਖ ਕੇ ਪਿਕਅੱਪ ਗੱਡੀ ਡਰਾਈਵਰ ਆਪਣੀ ਗੱਡੀ ਨੂੰ ਵਿਚਕਾਰ ਛੱਡ ਕੇ ਹੀ ਉਥੋਂ ਫਰਾਰ ਹੋ ਗਿਆ। ਲੋਕਾਂ ਨੇ ਪਸ਼ੂ ਅਤੇ ਗੱਡੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
ਸਦਰ ਥਾਣਾ ਦੇ ਮਹਿੰਦਰ ਸਿੰਘ ਨੇ ਗੱਡੀ ਨੂੰ ਕਬਜ਼ੇ ਵਿਚ ਲੈਣ ਉਪਰੰਤ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਗੱਡੀ ਬਰਵਾਲਾ ਖੇਤਰ ਦੇ ਪਿੰਡ ਨਾਲ ਸਬੰਧਤ ਸੁਭਾਸ਼ ਨਾਮੀ ਵਿਅਕਤੀ ਦੀ ਹੈ ਅਤੇ ਉਸ ਨੇ ਪਹਿਲਾਂ ਹੀ ਨਰਵਾਣਾ ਥਾਣਾ ਵਿਚ ਸਬੰਧਤ ਪਿਕਅੱਪ ਗੱਡੀ ਚੋਰੀ ਹੋਣ ਦਾ ਕੇਸ ਦਰਜ ਕਰਵਾਇਆ ਹੋਇਆ ਹੈ।