ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਸਤੰਬਰ
ਸਿੱਖਿਆ ਵਿਭਾਗ ਵੱਲੋਂ ਪਿੰਡ ਕਾਲੀਰਾਣੋ ਦੇ ਮਿਡਲ ਸਕੂਲ ’ਚੋਂ ਸਾਰੇ ਅਧਿਆਪਕਾਂ ਦਾ ਤਬਾਦਲਾ ਕੀਤੇ ਜਾਣ ਕਾਰਨ ਹੁਣ ਸਕੂਲ ’ਚ ਕੋਈ ਸਥਾਈ ਅਧਿਆਪਕ ਨਹੀਂ ਹੈ। ਸਿੱਖਿਆ ਵਿਭਾਗ ਨੇ ਪ੍ਰਹਿਲਾਦਪੁਰ ਦੇ ਸਕੂਲ ਤੋਂ ਦੋ ਅਧਿਆਪਕਾਂ ਨੂੰ ਕਾਲੀਰਾਣੋ ਦੇ ਸਕੂਲ ਦਾ ਕੰਮ ਅਸਥਾਈ ਤੌਰ ’ਤੇ ਚਲਾਉਣ ਲਈ ਭੇਜਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਵਿੱਚ ਅਧਿਆਪਕਾਂ ਦੇ ਸਾਰੇ ਅਹੁਦੇ ਖਾਲੀ ਹੋਣ ਦੇ ਰੋਸ ਵਜੋਂ ਅੱਜ ਪਿੰਡ ਵਾਸੀਆਂ ਤੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਸਿੱਖਿਆ ਮੰਤਰੀ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸਕੂਲ ਵਿਚ ਛੇਤੀ ਸਥਾਈ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇ ਤਾਂਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਗੁਰਦੇਵ ਸਿੰਘ, ਨਾਇਬ ਸਿੰਘ ਪਟਾਕ ਮਾਜਰਾ ਤੇ ਅਮਰੀਕ ਸਿੰਘ ਬਕਾਲੀ ਨੇ ਦੋਸ਼ ਲਾਇਆ ਕਿ ਸਾਜ਼ਿਸ਼ ਤਹਿਤ ਸਰਕਾਰ ਸੂਬੇ ਦੇ ਸਕੂਲਾਂ ਨੂੰ ਬੰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਾਡਲ ਸੰਸਕ੍ਰਿਤੀ ਸਕੂਲਾਂ ਦੇ ਨਾਂ ’ਤੇ ਬੱਚਿਆਂ ਤੋਂ ਪੰਜ ਸੌ ਰੁਪਏ ਫੀਸ ਮੰਗ ਰਹੀ ਹੈ ਤੇ ਸਰਕਾਰੀ ਸਕੂਲ ਛੱਡ ਪ੍ਰਾਈਵੇਟ ਸਕੂਲਾਂ ਵਿਚ ਜਾਣ ਵਾਲੇ ਬੱਚਿਆਂ ਨੂੰ 1100 ਰੁਪਏ ਦੇਣ ਦੀ ਗੱਲ ਕਰ ਰਹੀ ਹੈ। ਆਗੂਆਂ ਦਾ ਕਹਿਣਾ ਹੈ ਕਿ ਜਦ ਸਕੂਲ ਵਿਚ ਅਧਿਆਪਕ ਹੀ ਨਹੀਂ ਤੇ ਇਨ੍ਹਾਂ ਬੱਚਿਆਂ ਨੂੰ ਹੁਣ ਕੌਣ ਪੜ੍ਹਾਏਗਾ। ਇਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਕਿ ਜਲਦੀ ਸਕੂਲ ਵਿਚ ਸਥਾਈ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਏ ਤਾਂ ਜੋ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ’ਤੇ ਮਾੜਾ ਅਸਰ ਨਾ ਪਵੇ। ਇਸ ਮੌਕੇ ਕਾਂਤਾ ਦੇਵੀ, ਸੁਮਨ ਦੇਵੀ, ਬੰਤੋ ਦੇਵੀ, ਸਰੋਜ ਬਾਲਾ, ਯੋਗ ਰਾਜ, ਰਾਮ ਕੁਮਾਰ ਤੇ ਬੰਤਾ ਰਾਮ ਮਹਿੰਦਰ ਸਿੰਘ ਸਣੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।