ਪੱਤਰ ਪ੍ਰੇਰਕ
ਯਮੁਨਾਨਗਰ, 26 ਮਈ
ਇਥੋਂ ਦੇ ਪਿੰਡ ਬਲਾਚੌਰ ’ਚ 70 ਸਾਲਾ ਬਜ਼ੁਰਗ ਓਮ ਪ੍ਰਕਾਸ਼ ਦੀ ਸ਼ੱਕੀ ਹਾਲਤ ’ਚ ਹੋਈ ਮੌਤ ਦੇ ਮਾਮਲੇ ‘ਚ ਬਜ਼ੁਰਗ ਦੇ ਬੇਟੇ ਰਾਮੇਸ਼ਵਰ ਅਤੇ ਉਸ ਦੀ ਪਤਨੀ ਵਰਸ਼ਾ ’ਤੇ ਗਲਾ ਘੁੱਟ ਕੇ ਹੱਤਿਆ ਕਰਨ ਦਾ ਦੋਸ਼ ਲੱਗਿਆ ਹੈ। ਮ੍ਰਿਤਕ ਦੀ ਪਤਨੀ ਕਾਂਤਾ ਦੇਵੀ ਦਾ ਦੋਸ਼ ਹੈ ਕਿ ਉਸ ਦੇ ਪਤੀ ਦੀ ਪਹਿਲਾਂ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਅਤੇ ਬਾਅਦ ਵਿਚ ਉਸ ਦੀ ਲਾਸ਼ ਬਾਥਰੂਮ ਦੇ ਦਰਵਾਜ਼ੇ ਨਾਲ ਰੱਸੀ ਨਾਲ ਲਟਕਾਈ ਗਈ। ਇਸ ਘਟਨਾ ਤੋਂ ਬਾਅਦ ਤੋਂ ਮ੍ਰਿਤਕ ਦਾ ਬੇਟਾ ਅਤੇ ਨੂੰਹ ਦੋਵੇਂ ਫਰਾਰ ਹਨ। ਮ੍ਰਿਤਕ ਦੀ ਪਤਨੀ ਕਾਂਤਾ ਦੇਵੀ ਨੇ ਦੱਸਿਆ ਕਿ ਰਾਤ ਨੂੰ ਓਮ ਪ੍ਰਕਾਸ਼ ਦੀ ਉਸ ਦੇ ਬੇਟੇ ਤੇ ਨੂੰਹ ਨਾਲ ਲੜਾਈ ਵੀ ਹੋਈ ਸੀ। ਛਛਰੌਲੀ ਥਾਣਾ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਰਾਮੇਸ਼ਵਰ ਨੇ ਵਰਸ਼ਾ ਨਾਲ ਲਵ ਮੈਰਿਜ ਕਰਵਾਈ ਸੀ। ਓਮਪ੍ਰਕਾਸ਼ ਨੇ ਇਸ ਪ੍ਰੇਮ ਵਿਆਹ ਦਾ ਸਖ਼ਤ ਵਿਰੋਧ ਕੀਤਾ ਸੀ ਜਿਸ ਕਾਰਨ ਘਰ ਵਿੱਚ ਰੋਜ਼ ਕਲੇਸ਼ ਰਹਿੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਰਾਮੇਸ਼ਵਰ ਅਪਣੇ ਸਾਲੇ ਦੇ ਵਿਆਹ ਲਈ ਬਜ਼ੁਰਗ ਤੋਂ ਪੈਸੇ ਮੰਗ ਰਿਹਾ ਸੀ ਪਰ ਪੈਸੇ ਨਾ ਦੇਣ ’ਤੇ ਪਤੀ-ਪਤਨੀ ਨੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਖੁਦਕੁਸ਼ੀ ਦਾ ਰੂਪ ਦੇਣ ਲਈ ਗਲੇ ’ਚ ਰੱਸੀ ਪਾ ਕੇ ਲਾਸ਼ ਨੂੰ ਦਰਵਾਜ਼ੇ ਨਾਲ ਲਟਕਾ ਦਿੱਤਾ।
ਸੜਕ ਹਾਦਸੇ ਵਿਚ ਔਰਤ ਦੀ ਮੌਤ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਇਥੇ ਸੜਕ ਹਾਦਸੇ ਵਿਚ ਇਕ ਮਹਿਲਾ ਦੀ ਮੌਤ ਹੋ ਗਈ। ਬੀਤੀ ਰਾਤ ਇਕ ਮਹਿਲਾ ਸ਼ਾਹਬਾਦ ਤੋਂ ਅੰਬਾਲਾ ਜੀ ਜੀ ਟੀ ਰੋਡ ਪਾਰ ਕਰ ਰਹੀ ਸੀ ਤੇ ਇਕ ਅਣਪਛਾਤੇ ਵਾਹਨ ਨੇ ਸੜਕ ਨੂੰ ਪਾਰ ਕਰਦੀ ਮਹਿਲਾ ਨੂੰ ਸਿੱਧੀ ਟਕਰ ਮਾਰ ਦਿੱਤੀ ਤੇ ਮਹਿਲਾ ਦੀ ਮੌਤ ਹੋ ਗਈ। ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਤਲ ਦੇ ਦੋਸ਼ ਹੇਠ ਤਿੰਨ ਕਾਬੂ
ਟੋਹਾਣਾ (ਪੱਤਰ ਪ੍ਰੇਰਕ): ਫਤਿਹਾਬਾਦ ਦੇ ਕੂਲਰ ਵਪਾਰੀ ਯੋਗੇਸ਼ ਗੋਸਵਾਮੀ ਦਾ ਕਤਲ ਤੇ ਮ੍ਰਿਤਕ ਦੀ ਪਤਨੀ ਤੇ ਬੇਟੇ ਨੂੰ ਜ਼ਖ਼ਮੀ ਕਰਨ ’ਤੇ ਨਾਮਜ਼ਦ ਮੁੱਖ ਮੁਲਜ਼ਮ ਗੁਲਸ਼ਨ ਉਰਫ਼ ਕੰਨੂੰ ਸਮੇਤ ਉਸ ਦੇ ਪਿਤਾ ਵਿਨੋਦ ਉਰਫ਼ ਵਿਨੋਦੀ, ਭਰਾ ਅਰੁਣ ਉਰਫ਼ ਕਾਕੂ ਤੇ ਮੁੱਖ ਮੁਲਜ਼ਮ ਦੀ ਪਤਨੀ ਧੰਨਤ ਨੂੂੰ ਗ਼੍ਰਿਫ਼ਤਾਰ ਕੀਤਾ ਹੈ। ਡੀਐਸਪੀ ਸੁਭਾਸ਼ ਚੰਦਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਗੁਲਸ਼ਨ ਨੂੰ ਪੁਲੀਸ ਨੇ ਹਿਸਾਰ ਤੋਂ ਰਿਸ਼ਤੇਦਾਰ ਦੇ ਘਰੋਂ ਤੇ ਬਾਕੀ ਤਿੰਨਾਂ ਨੂੰ ਉਨ੍ਹਾਂ ਦੇ ਘਰੋਂ ਕਾਬੂ ਕੀਤਾ ਹੈ।