ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 16 ਸਤੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਸੋਮਵਾਰ ਨੂੰ ਡੱਬਵਾਲੀ ਤੋਂ ਕਾਂਗਰਸ ਉਮੀਦਵਾਰ ਅਮਿਤ ਸਿਹਾਗ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਸਾਬਕਾ ਉੱਪ ਪ੍ਰਧਾਨ ਮੰਤਰੀ ਮਰਹੂਮ ਚੌਧਰੀ ਦੇਵੀ ਲਾਲ ਦੇ ਵੰਸ਼ਜ ਜਜਪਾ ਅਤੇ ਇਨੈਲੋ ਦੇ ਉਮੀਦਵਾਰਾਂ ’ਤੇ ਤਿੱਖੇ ਨਿਸ਼ਾਨੇ ਸੇਧੇ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਲੋਕ ਸਿਰਫ਼ ਸਿਆਸਤ ਲਈ ਤਾਊ ਦੇਵੀਲਾਲ ਦੀਆਂ ਤਸਵੀਰਾਂ ਲਗਾਉਂਦੇ ਹਨ, ਹਕੀਕਤ ਵਿੱਚ ਇਹ ਲੋਕ ਚੌਧਰੀ ਦੇਵੀਲਾਲ ਦੀ ਕਹੀ ਹੋਈ ਕਿਸੇ ਵੀ ਗੱਲ ’ਤੇ ਖ਼ਰੇ ਨਹੀਂ ਉੱਤਰਦੇ। ਅੰਮ੍ਰਿਤਾ ਵੜਿੰਗ ਨੇ ਪੰਜਾਬੀ ਬੇਲੇਟ ਦੇ ਸਾਂਵਤਖੇੜਾ, ਨੀਲਿਆਂਵਾਲੀ, ਪੰਨੀਵਾਲਾ ਰੁਲਦੂ, ਮਿਠੜੀ, ਟੱਪੀ, ਪਾਨਾ, ਖੋਖਰ, ਹੱਸੂ, ਨੌਰੰਗ, ਤਿਗੜੀ ਅਤੇ ਚੱਠਾ ਪਿੰਡਾਂ ਵਿੱਚ ਚੋਣ ਜਲਸਿਆਂ ਮੌਕੇ ਲੋਕਾਂ ਨੂੰ ਸੰਬੋਧਨ ਕੀਤਾ। ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਕਿਸਾਨ ਅੰਦੋਲਨ ਵੇਲੇ ਜਜਪਾ ਨੇ ਸੱਤਾ ਸੁਖ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ। ਇਨ੍ਹਾਂ ਦੇ ਮੂੰਹ ਵਿੱਚੋਂ ਕਿਸਾਨਾਂ ਪ੍ਰਤੀ ਹਮਦਰਦੀ ਦਾ ਇੱਕ ਸ਼ਬਦ ਤੱਕ ਨਹੀਂ ਨਿਕਲਿਆ ਸੀ। ਹੁਣ ਭਾਜਪਾ ਦੀ ਬੀ-ਟੀਮ ਬਣ ਕੇ ਕਾਂਗਰਸ ਦੇ ਵੋਟ ਕੱਟਣ ਲਈ ਮੁੜ ਜਨਤਾ ਨੂੰ ਭਰਮਾਉਣ ਲਈ ਚੋਣ ਮੈਦਾਨ ਵਿੱਚ ਉੱਤਰ ਆਏ ਹਨ। ਕਾਂਗਰਸ ਨੇਤਰੀ ਨੇ ਕਿਹਾ ਕਿ ਇਨੈਲੋ-ਬਸਪਾ ਉਮੀਦਵਾਰ ਅਦਿੱਤਿਆ ਦੇਵੀਲਾਲ ਵੀ ਖੁਦ ਨੂੰ ਚੌਧਰੀ ਦੇਵੀਲਾਲ ਦੀਆਂ ਨੀਤੀਆਂ ’ਤੇ ਚੱਲਣ ਵਾਲਾ ਦੱਸਦੇ ਹਨ। ਕੱਲ੍ਹ ਤੱਕ ਉਹ ਇਨੈਲੋ ਨੂੰ ਪਾਣੀ ਪੀ-ਪੀ ਕੇ ਕੋਸਦੇ ਸਨ, ਅੱਜ ਟਿਕਟ ਮਿਲਣ ‘ਤੇ ਇਨੈਲੇ ਦੇ ਨਿਸ਼ਾਨ ’ਤੇ ਚੋਣ ਲੜ ਰਹੇ ਹਨ। ਉਨ੍ਹਾਂ ਡਾ. ਕੇਵੀ ਸਿੰਘ ਅਤੇ ਅਮਿਤ ਸਿਹਾਗ ਨੂੰ ਸ਼ਰਾਫਤ ਅਤੇ ਵਿਕਾਸ ਦੀ ਰਾਜਨੀਤੀ ਦੇ ਭਾਈਵਾਲੇ ਦੱਸਦੇ ਹੋਏ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸ਼ੁਭਰਾ ਸਿਹਾਗ ਵੀ ਉਚੇਚ ਤੌਰ ’ਤੇ ਮੌਜੂਦ ਸਨ।
ਚੋਣ ਆਬਜ਼ਰਵਰ ਵੱਲੋਂ ਸਿਆਸੀ ਨੁਮਾਇੰਦਿਆਂ ਨਾਲ ਮੀਟਿੰਗ
ਡੱਬਵਾਲੀ (ਪੱਤਰ ਪ੍ਰੇਰਕ): ਵਿਧਾਨ ਸਭਾ ਖੇਤਰ ਲਈ ਤਾਇਨਾਤ ਜਨਰਲ ਆਬਜ਼ਰਵਰ ਅਭਿਸ਼ੇਕ ਸਿੰਘ ਨੇ ਅੱਜ ਵਿਧਾਨਸਭਾ ਹਲਕਾ ਡੱਬਵਾਲੀ ਦੇ ਡਾ. ਬੀ.ਆਰ ਅੰਬੇਦਕਰ ਕਾਲਜ ਦੇ ਕੈਂਪਸ ਦਾ ਨਿਰੀਖਣ ਕੀਤਾ। ਆਬਜ਼ਰਵਰ ਨੇ ਕਾਲਜ ਕੈਂਪਸ ਵਿਖੇ ਸਮੁੱਚੇ ਪ੍ਰਬੰਧਾਂ ਦੀ ਡੂੰਘਾਈ ਨਾਲ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੇ ਨਾਲ ਡੱਬਵਾਲੀ ਐਸਡੀਐਮ-ਕਮ-ਰਿਟਰਨਿੰਗ ਅਧਿਕਾਰੀ ਅਰਪਿਤ ਸੰਗਲ ਵੀ ਮੌਜੂਦ ਸਨ। ਜ਼ਿਕਰਯੋਗ ਕਾਲਜ ਕੈਂਸਪ ਵਿਖੇ ਡੱਬਵਾਲੀ ਹਲਕੇ ਦੀਆਂ ਚੋਣ ਪਾਰਟੀਆਂ ਨੂੰ ਈਵੀਐਮ ਮਸ਼ੀਨਾਂ ਵੰਡੀਆਂ ਜਾਣਗੀਆਂ। ਉਨ੍ਹਾਂ ਈਵੀਐਮ ਅਤੇ ਵੀਵੀਪੈਟ ਦੇ ਭੰਡਾਰਣ, ਵੰਡ, ਈਵੀਐਮ ਮਸ਼ੀਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਟਰਾਂਗ ਰੂਮ ਬਾਰੇ ਵਿਸਥਾਰਤ ਚਰਚਾ ਕੀਤੀ। ਉਨ੍ਹਾਂ ਕੈਂਪਸ ਵਿੱਚ ਲੋੜੀਂਦੇ ਸਮੁੱਚੇ ਪ੍ਰਬੰਧਾਂ, ਸੁਰੱਖਿਆ ਵਿਵਸਥਾ ਦਾ ਨਿਰੀਖਣ ਕਰਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਸਟਰੌਂਗ ਰੂਮ ਖੇਤਰ ਵਿੱਚ ਸੀਸੀਟੀਵੀ ਕੈਮਰਿਆਂ ਦੀਆਂ ਮਾਨਿਟਰਿੰਗ ਵਿੱਚ ਕਿਸੇ ਪੱਖੋਂ ਚੂਕ ਨਾ ਹੋਣ ਲਈ ਸਖ਼ਤ ਤਾਕੀਦ ਕੀਤੀ। ਬਾਅਦ ਵਿੱਚ ਆਬਜ਼ਰਵਰ ਨੇ ਡੱਬਵਾਲੀ ਵਿਖੇ ਐਸਡੀਐਮ ਦਫ਼ਤਰ ਵਿਖੇ ਸਿਆਸੀ ਦਲਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਿਆਸੀ ਨੁਮਾਇੰਦਿਆਂ ਨੂੰ ਵਿਧਾਨਸਭਾ ਚੋਣ ਨੂੰ ਨਿਰਪੱਖ , ਪਾਰਦਰਸ਼ੀ ਤੇ ਸ਼ਾਂਤੀਪੂਰਨ ਨੇਪਰੇ ਚਾੜ੍ਹਨ ‘ਚ ਪ੍ਰਸ਼ਾਸਨ ਦੇ ਸਹਿਯੋਗ ਨੇ ਨਿਰਦੇਸ਼ ਦਿੱਤੇ।