ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 28 ਸਤੰਬਰ
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਉਮੀਦਵਾਰ ਗੁਰਪਾਲ ਸਿੰਘ ਨੇ ਹਾਲ ਹੀ ਵਿੱਚ ਆਪਣੀ ‘ਜਨ ਸੰਪਰਕ ਯਾਤਰਾ’ ਤਹਿਤ ਨਰਾਇਣਗੜ੍ਹ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਪਿੰਡ ਬਿਲਾਸਪੁਰ, ਵਾਸਲਪੁਰ, ਜਟਵਾੜ, ਸੌਤਲੀ, ਖੁਰਦ, ਪਟਵੀ, ਵਾਰਡ ਨੰਬਰ 13 ਨਰਾਇਣਗੜ੍ਹ, ਸ਼ਹਿਜ਼ਾਦਪੁਰ, ਬੁਰਜ, ਬਰੌਲੀ ਦੇ ਪਿੰਡਾਂ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ। ਫੇਰੀ ਦੌਰਾਨ ਲੋਕਾਂ ਨੇ ਗੁਰਪਾਲ ਸਿੰਘ ਦਾ ਸਵਾਗਤ ਕੀਤਾ। ਇਸ ਮੌਕੇ ਇਲਾਕਾ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨਾਲ ਧੋਖਾ ਕਰਨ ਵਾਲੇ ਆਗੂਆਂ ਨੂੰ ਹੁਣ ਜਨਤਾ ਨਕਾਰ ਦੇਵੇਗੀ। ਹੁਣ ਇਹ ਲੋਕ ਕਿਸੇ ਦੇ ਵੀ ਝਾਂਸੇ ਵਿੱਚ ਨਹੀਂ ਆਉਣਗੇ। ਇਸ ਵਾਰ ਉਹ ਇਕੱਠੇ ਹੋ ਕੇ ਬਦਲਾਅ ਲਈ ਵੋਟ ਕਰਨਗੇ।
ਉਨ੍ਹਾਂ ਕਿਹਾ ਕਿ ਤੁਹਾਡੀ ਹਰ ਵੋਟ ਨਰਾਇਣਗੜ੍ਹ ਦੇ ਵਿਕਾਸ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਤੁਹਾਡੇ ਨਾਲ ਵਾਅਦਾ ਕਰਦਾ ਹੈ ਕਿ ਸਾਡੀ ਸਰਕਾਰ ਆਉਣ ’ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇ ਤੁਸੀਂ ਸਾਨੂੰ ਆਪਣਾ ਸਹਿਯੋਗ ਦਿਓਗੇ ਤਾਂ ਅਸੀਂ ਤੁਹਾਡੇ ਵਿਕਾਸ ਲਈ ਕੰਮ ਕਰਾਂਗੇੇ। ਗੁਰਪਾਲ ਨੇ ਬਿਲਾਸਪੁਰ ਵਿੱਚ ਨੌਜਵਾਨਾਂ ਦੇ ਰੁਜ਼ਗਾਰ ਦੀ ਘਾਟ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਵੀ ਸਿਰਫ਼ ਡਰਾਮੇਬਾਜ਼ੀ ਹੀ ਰਹਿ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਦੇ ਨੌਜਵਾਨ ਮਜ਼ਦੂਰੀ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਚੰਗੇਰੇ ਭਵਿੱਖ ਲਈ ‘ਆਪ’ ਦਾ ਸਹਿਯੋਗ ਕਰਨ। ਇਸ ਮੌਕੇ ਪੰਜਾਬ ‘ਆਪ’ ਆਗੂ ਹਰਮੀਤ ਸਿੰਘ ਛਿੱਬਰ ਵੀ ਹਾਜ਼ਰ ਸਨ।