ਰਤੀਆ (ਪੱਤਰ ਪ੍ਰੇਰਕ):
ਹਰਿਆਣਾ ਵਿਧਾਨ ਸਭਾ ਚੋਣਾਂ ਤਹਿਤ ਰਿਟਰਨਿੰਗ ਅਫਸਰ ਅਤੇ ਐੱਸਡੀਐੱਮ ਜਗਦੀਸ਼ ਚੰਦਰ ਨੇ ਹਲਕਾ ਰਤੀਆ ਵਿੱਚ ਐੱਸਐੱਸਟੀ ਟੀਮ ਵੱਲੋਂ ਲਾਏ ਨਾਕਿਆਂ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਉਨ੍ਹਾਂ ਐੱਸਐੱਸਟੀ ਅਤੇ ਪੁਲੀਸ ਅਧਿਕਾਰੀਆਂ ਨਾਲ ਆਦਰਸ਼ ਚੋਣ ਜ਼ਾਬਤੇ ਦੌਰਾਨ ਸੁਰੱਖਿਆ ਚੈਕਿੰਗ ਦੌਰਾਨ ਵਰਤੀਆਂ ਜਾਣ ਵਾਲੀਆਂ ਲੋੜੀਂਦੀਆਂ ਸਾਵਧਾਨੀਆਂ ਦੇ ਨਾਲ-ਨਾਲ ਰਜਿਸਟਰ ਜਿਸ ’ਤੇ ਸੁਰੱਖਿਆ ਦੌਰਾਨ ਦੂਜੇ ਖੇਤਰਾਂ ਤੋਂ ਆਉਣ ਵਾਲੇ ਵਾਹਨਾਂ ਦਾ ਨੰਬਰ, ਨਾਮ ਅਤੇ ਪਛਾਣ ਦਰਜ ਹੁੰਦੀ ਹੈ, ਦੀ ਜਾਂਚ ਕੀਤੀ। ਉਨ੍ਹਾਂ ਨਾਕੇ ’ਤੇ ਤਾਇਨਾਤ ਅਧਿਕਾਰੀਆਂ ਨੂੰ ਸ਼ਰਾਬ, ਨਕਦੀ, ਨਾਜਾਇਜ਼ ਅਸਲਾ ਦੀ ਤਸਕਰੀ ਰੋਕਣ ਲਈ ਚੁਕੰਨੇ ਰਹਿਣ ਤੇ ਅਜਿਹਾ ਕਰਦੇ ਹੋਏ ਫੜੇ ਜਾਣ ਵਾਲਿਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਰਿਟਰਨਿੰਗ ਅਫਸਰ ਜਗਦੀਸ਼ ਚੰਦਰ ਨੇ ਬ੍ਰਾਹਮਣਵਾਲਾ ਵਿੱਚ ਲਗਾਏ ਗਏ ਐੱਸਐੱਸਟੀ ਪੁਆਇੰਟ ਦਾ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੂੰ ਚੌਕਸੀ ਅਤੇ ਮੁਸਤੈਦੀ ਨਾਲ ਕੰਮ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਉਨ੍ਹਾਂ ਨੇ ਖ਼ੁਦ ਵੀ ਵਾਹਨਾਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਇਲਾਕੇ ਵਿੱਚ ਚੋਣ ਜ਼ਾਬਤੇ ਦੀ ਪਾਲਣਾ ਕਰਨੀ ਯਕੀਨੀ ਬਣਾਉਣ, ਸ਼ੱਕੀ ਵਾਹਨਾਂ ਅਤੇ 50 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਰੱਖਣ ਵਾਲੇ ਵਿਅਕਤੀਆਂ ’ਤੇ ਨਜ਼ਰ ਰੱਖਣ ਦੀ ਤਾਕੀਦ ਵੀ ਕੀਤੀ।