ਆਤਿਸ਼ ਗੁਪਤਾ
ਚੰਡੀਗੜ੍ਹ, 2 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਹੁਣ ਜਦੋਂ ਤਿੰਨ ਦਿਨ ਬਚੇ ਹਨ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਸਿਖ਼ਰ ’ਤੇ ਪਹੁੰਚਾ ਦਿੱਤੀਆਂ ਹਨ। ਭਾਜਪਾ, ਕਾਂਗਰਸ, ‘ਆਪ’ ਸਣੇ ਹੋਰਨਾਂ ਸਿਆਸੀ ਪਾਰਟੀਆਂ ਦੇ ਕੌਮੀ ਆਗੂ ਸੂਬੇ ਭਰ ਵਿੱਚ ਚੋਣ ਪ੍ਰਚਾਰ ਲਈ ਡਟੇ ਹੋਏ ਹਨ। ਵਿਧਾਨ ਸਭਾ ਚੋਣਾਂ ਲਈ ਭਲਕੇ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਵਿੱਚ ਅੱਜ ਹੀ ਚੋਣ ਪ੍ਰਚਾਰ ਖਤਮ ਕਰ ਦਿੱਤਾ ਹੈ। ਭਾਜਪਾ ਦੇ ਇਨ੍ਹਾਂ ਦੋਵੇਂ ਵੱਡੇ ਆਗੂਆਂ ਦਾ 3 ਅਕਤੂਬਰ ਨੂੰ ਕੋਈ ਵੀ ਚੋਣ ਪ੍ਰੋਗਰਾਮ ਨਹੀਂ ਰੱਖਿਆ ਗਿਆ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਆਖਰੀ ਦਿਨ ਵੀ ਚੋਣ ਪ੍ਰਚਾਰ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਹਰਿਆਣਾ ਦੀਆਂ ਕੁਲ 90 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਦੇ ਕੌਮੀ ਪੱਧਰ ਦੇ ਆਗੂਆਂ ਨੇ ਜ਼ਿਆਦਾਤਰ ਸੀਟਾਂ ’ਤੇ ਚੋਣ ਪ੍ਰਚਾਰ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਵਿੱਚ ਚਾਰ ਵੱਡੀਆਂ ਜਨ ਸਭਾਵਾਂ ਕੀਤੀਆਂ ਹਨ। ਸ੍ਰੀ ਮੋਦੀ ਨੇ ਹਰਿਆਣਾ ਦੇ ਕੁਰੂਕਸ਼ੇਤਰ, ਸੋਨੀਪਤ, ਹਿਸਾਰ ਅਤੇ ਪਲਵਲ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਸੀ ਜਦੋਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਭਰ ਵਿੱਚ 6 ਤੋਂ 8 ਚੋਣ ਰੈਲੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਹੇਮਾ ਮਾਲਿਨੀ ਸਣੇ ਵੱਡੀ ਗਿਣਤੀ ਵਿੱਚ ਕੇਂਦਰੀ ਮੰਤਰੀਆਂ ਵੱਲੋਂ ਹਰਿਆਣਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਹੈ। ਕੌਮੀ ਭਾਜਪਾ ਆਗੂਆਂ ਨੇ ਆਪਣੇ ਚੋਣ ਪ੍ਰਚਾਰ ਵਿੱਚ ਭਾਜਪਾ ਦੀ ਡੱਬਲ ਇੰਜਣ ਸਰਕਾਰ ਵੱਲੋਂ 10 ਸਾਲਾਂ ਵਿੱਚ ਕੀਤੇ ਕੰਮਾਂ ਨੂੰ ਲੋਕਾਂ ਦੇ ਅੱਗੇ ਰੱਖਿਆ ਹੈ। ਇਸ ਦੇ ਨਾਲ ਹੀ ਭਾਜਪਾ ਵੱਲੋਂ ਸੂਬੇ ਵਿੱਚ 2 ਲੱਖ ਨਵੀਆਂ ਨੌਕਰੀਆਂ ਦੇਣ, ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ, ਕਿਸਾਨਾਂ ਨੂੰ ਫਸਲਾਂ ’ਤੇ ਐੱਮਐੱਸਪੀ ਦੇਣ, ਲੋੜਵੰਦਾਂ ਨੂੰ ਘਰ ਸਣੇ ਹੋਰਨਾਂ ਵਾਅਦਿਆਂ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਗਿਆ ਹੈ। ਹਾਲਾਂਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਹਰਿਆਣਾ ਵਿੱਚ ਕਈ ਥਾਵਾਂ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਗਿਆ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ 5 ਅਕਤੂਬਰ ਤੇ ਨਤੀਜਿਆਂ ਦਾ ਐਲਾਨ 8 ਅਕਤੂਬਰ ਨੂੰ ਹੋਵੇਗਾ।
‘ਆਪ’ ਉਮੀਦਵਾਰ ਕਾਂਗਰਸ ਤੇ ਜੇਜੇਪੀ ਦਾ ਭਾਜਪਾ ’ਚ ਸ਼ਾਮਲ
ਚੰਡੀਗੜ੍ਹ (ਆਤਿਸ਼ ਗੁਪਤਾ):
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਤੋਂ ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੂੰ ਵੱਡਾ ਝਟਕਾ ਲੱਗਿਆ ਹੈ। ਨੀਲੋਖੇੜੀ ਤੋਂ ‘ਆਪ’ ਉਮੀਦਵਾਰ ਅਮਰ ਸਿੰਘ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੈ ਜਦਕਿ ਪਾਣੀਪਤ ਦਿਹਾਤੀ ਤੋਂ ਜੇਜੇਪੀ ਉਮੀਦਵਾਰ ਰਘੁਨਾਥ ਤੰਵਰ ਕਸ਼ਿਅਪ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਚੰਡੀਗੜ੍ਹ ਸਥਿਤ ਹਰਿਆਣਾ ਕਾਂਗਰਸ ਭਵਨ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨੀਲੋਖੇੜੀ ਤੋਂ ‘ਆਪ’ ਉਮੀਦਵਾਰ ਅਮਰ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਅਮਰ ਸਿੰਘ ਦਾ ਪਾਰਟੀ ’ਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਬਾਜਵਾ ਨੇ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਦੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਪਾਰਟੀ ਉਮੀਦਵਾਰ ਧਰਮਪਾਲ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਅਮਰ ਸਿੰਘ ਨੀਲੋਖੇੜੀ ਦੇ ਸਿੱਖ ਭਾਈਚਾਰੇ ਨਾਲ ਸਬੰਧਤ ਆਗੂ ਹਨ ਅਤੇ ਉਹ ਸਿੱਖ ਵੋਟਰਾਂ ਨੂੰ ਕਾਂਗਰਸ ਨਾਲ ਜੋੜ ਸਕਦੇ ਹਨ। ਕਾਂਗਰਸ ਵਿੱਚ ਸ਼ਾਮਲ ਹੋਣ ’ਤੇ ਅਮਰ ਸਿੰਘ ਨੇ ਕਿਹਾ ਕਿ ਜੇ ਉਹ ਚੋਣ ਲੜਦੇ ਤਾਂ ਸਿੱਧਾ ਫਾਇਦਾ ਭਾਜਪਾ ਨੂੰ ਹੋਣਾ ਸੀ ਅਤੇ ਵੋਟਾਂ ਦੀ ਵੰਡ ਰੋਕਣ ਲਈ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਦੂਜੇ ਪਾਸੇ ਹਰਿਆਣਾ ਦੇ ਕਾਰਜਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਣੀਪਤ ਦਿਹਾਤੀ ਤੋਂ ਜੇਜੇਪੀ ਦੇ ਉਮੀਦਵਾਰ ਰਘੁਨਾਥ ਤੰਵਰ ਕਸ਼ਿਅਪ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਹਰਿਆਣਾ ਭਾਜਪਾ ਦੇ ਪ੍ਰਧਾਨ ਮੋਹਲ ਲਾਲ ਬਡੌਲੀ ਵੀ ਮੌਜੂਦ ਸਨ। ਕਸ਼ਿਅਪ ਨੇ ਭਾਜਪਾ ਉਮੀਦਵਾਰ ਮਹਿਪਾਲ ਢਾਂਡਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕਸ਼ਿਅਪ ਭਾਜਪਾ ਦੇ ਓਬੀਸੀ ਮੋਰਚਾ ਦੇ ਸਾਬਕਾ ਸੂਬਾ ਪ੍ਰਧਾਨ ਸਨ ਜੋ ਟਿਕਟ ਕੱਟੇ ਜਾਣ ਕਰਕੇ ਸਤੰਬਰ ਵਿੱਚ ਜੇਜੇਪੀ ਵਿੱਚ ਸ਼ਾਮਲ ਹੋ ਗਏ ਸਨ।