ਜਗਤਾਰ ਸਮਾਲਸਰ
ਏਲਨਾਬਾਦ, 7 ਜੂਨ
ਪੀਣ ਵਾਲੇ ਨਹਿਰੀ ਪਾਣੀ ਦੀ ਮੰਗ ਲਈ ਅੱਜ ਪਿੰਡ ਤਲਵਾੜਾ ਖੁਰਦ ਦੇ ਲੋਕਾਂ ਨੇ ਪਿੰਡ ਦੇ ਬੱਸ ਸਟੈਂਡ ਤੇ ਇੱਕਠੇ ਹੋ ਕੇ ਏਲਨਾਬਾਦ-ਹਨੂੰਮਾਨਗੜ੍ਹ ਸੜਕ ’ਤੇ ਜਾਮ ਲਗਾਇਆ। ਉਨ੍ਹਾਂ ਸਰਕਾਰ ਅਤੇ ਜਨ ਸਿਹਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਮਾਜਸੇਵੀ ਭੀਮ ਸੈਨ ਸਾਈ ਨੇ ਦੱਸਿਆ ਕਿ ਪਿੰਡ ਵਿੱਚ ਚਾਰ ਵਾਟਰ ਵਰਕਸ ਹਨ, ਜਿਨ੍ਹਾਂ ਵਿੱਚ ਲਗਾਏ ਗਏ ਬੋਰਾਂ ਦਾ ਪਾਣੀ ਖਾਰਾ ਅਤੇ ਦੂਸ਼ਿਤ ਹੈ। ਲੋਕ ਇਹ ਪਾਣੀ ਪੀ ਕੇ ਬਿਮਾਰ ਹੋ ਰਹੇ ਹਨ। ਲੋਕਾਂ ਨੇ ਪਿੰਡ ਵਿੱਚ ਨਹਿਰੀ ਪਾਣੀ ਦੀ ਸਪਲਾਈ ਦੀ ਮੰਗ ਕਰਦਿਆਂ 1 ਅਪਰੈਲ ਨੂੰ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਸੀ। 2 ਮਈ ਨੂੰ ਜਨ ਸਿਹਤ ਵਿਭਾਗ ਦੇ ਦਫ਼ਤਰ ਸਾਹਮਣੇ ਧਰਨਾ ਲਗਾਇਆ ਗਿਆ। 9 ਮਈ ਨੂੰ ਐਕਸੀਅਨ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਤਲਵਾੜਾ ਖੁਰਦ ਦੇ ਬੱਸ ਸਟੈਂਡ ਤੇ ਵੀ ਉਨ੍ਹਾਂ ਵਲੋਂ ਤਪਦੀ ਗਰਮੀ ਵਿੱਚ ਲਗਾਤਾਰ 11 ਦਿਨ ਧਰਨਾ ਦਿੱਤਾ ਗਿਆ ਪਰ ਕੋਈ ਸੁਣਵਾਈ ਨਹੀ ਹੋਈ। ਇਸ ਕਾਰਨ ਉਨ੍ਹਾਂ ਨੂੰ ਸੜਕ ’ਤੇ ਜਾਮ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਇਸ ਦੌਰਾਨ ਧਰਨਾ ਸਥਾਨ ’ਤੇ ਪਹੁੰਚੇ ਪਟਵਾਰੀ ਦਿੱਗਿਵਿਜੇ ਸਿੰਘ ਨੂੰ ਲੋਕਾਂ ਵਲੋਂ ਡੀਸੀ ਸਿਰਸਾ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਲੋਕਾਂ ਨੇ ਆਖਿਆ ਕਿ ਜੇ 10 ਜੂਨ ਤੱਕ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਇੱਥੇ ਸੜਕ ’ਤੇ ਫਿਰ ਤੋਂ ਜਾਮ ਲਗਾਉਣਗੇ।