ਜਗਤਾਰ ਸਮਾਲਸਰ
ਏਲਨਾਬਾਦ, 19 ਮਈ
ਇਥੋਂ ਦੇ ਪਿੰਡ ਤਲਵਾੜਾ ਖੁਰਦ ਦੇ ਲੋਕਾਂ ਨੇ ਪਿੰਡ ਵਿੱਚ ਨਹਿਰੀ ਪਾਣੀ ਦੀ ਸਪਲਾਈ ਦੀ ਮੰਗ ਕਰਦਿਆਂ ਅੱਜ ਪਿੰਡ ਦੇ ਬੱਸ ਸਟੈਂਡ ’ਤੇ ਇਕੱਠੇ ਹੋ ਕੇ ਸਰਕਾਰ ਅਤੇ ਜਨ ਸਿਹਤ ਵਿਭਾਗ ਖ਼ਿਲਾਫ਼ ਘੜੇ ਭੰਨ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਪਰ ਇੱਥੇ ਜਨ ਸਿਹਤ ਵਿਭਾਗ ਵਲੋਂ ਨਹਿਰੀ ਪਾਣੀ ਦੀ ਸਪਲਾਈ ਨਹੀ ਕੀਤੀ ਜਾ ਰਹੀ, ਜਿਸ ਕਾਰਨ ਲੋਕ ਖਾਰਾ ਪਾਣੀ ਪੀਣ ਲਈ ਮਜਬੂਰ ਹਨ। ਇਸ ਸਮੱਸਿਆ ਦੇ ਹੱਲ ਲਈ ਕਰੀਬ 6 ਮਹੀਨੇ ਪਹਿਲਾਂ ਵੀ ਮੁੱਖ ਮੰਤਰੀ ਨੂੰ ਪੱਤਰ ਭੇਜਿਆ ਗਿਆ ਸੀ ਅਤੇ ਵਿਭਾਗ ਨੂੰ ਵੀ ਸਮੱਸਿਆ ਬਾਰੇ ਦੱਸਿਆ ਜਾ ਚੁੱਕਿਆ ਹੈ। ਲੋਕਾਂ ਨੇ ਆਖਿਆ ਕਿ ਜੇ ਸਮੱਸਿਆ ਦਾ ਜਲਦੀ ਹੱਲ ਨਾ ਹੋਇਆ ਤਾਂ 29 ਮਈ ਨੂੰ ਔਢਾਂ (ਸਿਰਸਾ) ਵਿਖੇ ਹੋਣ ਵਾਲੀ ਮੁੱਖ ਮੰਤਰੀ ਦੀ ਰੈਲੀ ਦੌਰਾਨ ਪ੍ਰਦਰਸ਼ਨ ਕੀਤਾ ਜਾਵੇਗਾ।