ਪੱਤਰ ਪ੍ਰੇਰਕ
ਪਿਹੋਵਾ, 8 ਮਈ
ਪੰਜਾਬੀ ਸ਼ਾਇਰ ਤੇ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਡੀਏਵੀ ਕਾਲਜ ਵਿਖੇ ਪੰਜਾਬੀ ਵਿਭਾਗ ਵੱਲੋਂ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ| ਪੰਜਾਬੀ ਵਿਭਾਗ ਦੀ ਪ੍ਰਧਾਨ ਡਾ: ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮੁਕਾਬਲੇ ਵਿੱਚ ਬੀਏ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਅਤੇ ਰਚਨਾਵਾਂ ਨਾਲ ਸਬੰਧਤ ਆਪਣੇ ਵਿਚਾਰ ਪੇਸ਼ ਕੀਤੇ। ਡਾ: ਗੁਰਪ੍ਰੀਤ ਕੌਰ ਨੇ ਕਿਹਾ ਕਿ ਸਾਹਿਤ ਦਾ ਮਨੁੱਖੀ ਜੀਵਨ ਨਾਲ ਨੇੜਲਾ ਸਬੰਧ ਹੈ। ਸਾਹਿਤ ਮਨੁੱਖ ਅੰਦਰ ਭਾਵਨਾਵਾਂ ਪੈਦਾ ਕਰਦਾ ਹੈ। ਇਹ ਭਾਵਨਾਵਾਂ ਮਨੁੱਖ ਅੰਦਰ ਉਤਸੁਕਤਾ ਅਤੇ ਕੁਝ ਸਿੱਖਣ ਦੀ ਤਾਕੀਦ ਪੈਦਾ ਕਰਦੀਆਂ ਹਨ। ਪਿ੍ੰਸੀਪਲ ਡਾ: ਕਾਮਦੇਵ ਝਾਅ ਨੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਆਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਸਾਹਿਤ ਨੂੰ ਇਕ ਵੱਖਰੀ ਪਹਿਚਾਣ ਦਿੱਤੀ| ਉਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਪੰਜਾਬ ਦੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਿਸ ਕਾਰਨ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ ਨੂੰ ਜਾਨਣ ਦਾ ਮੌਕਾ ਮਿਲਿਆ। ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਅਤੇ ਗਿਆਨ ਭਰਪੂਰ ਬਣਾਇਆ ਜਾਵੇ। ਇਸ ਮੌਕੇ ਪਿ੍ੰਸੀਪਲ ਨੇ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਸਨਮਾਨਿਤ ਵੀ ਕੀਤਾ। ਮਨਪ੍ਰੀਤ ਕੌਰ ਨੇ ਹਾਲ ਹੀ ਵਿੱਚ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਖਾਲਸਾ ਕਾਲਜ, ਕਰਨਾਲ ਵਿਖੇ ਕਰਵਾਏ ਗਏ ਰਾਸ਼ਟਰੀ ਲੇਖ ਲੇਖਣ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ।