ਪੱਤਰ ਪ੍ਰੇਰਕ
ਰਤੀਆ, 25 ਦਸੰਬਰ
ਬਿਜਲੀ ਵਿਭਾਗ ਦੇ ਐੱਸਡੀਓ ਸ਼ਹਿਰੀ ਇੰਜਨੀਅਰ ਆਨੰਦ ਪ੍ਰਕਾਸ਼ ਨੇ ਅੱਜ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਬਿਜਲੀ ਖਪਤਕਾਰਾਂ ਤੋ ਬਿਜਲੀ ਬਿੱਲਾਂ ਦੇ 8 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਵਸੂਲਣ ਲਈ 10 ਟੀਮਾਂ ਦਾ ਗਠਨ ਕਰ ਦਿੱਤਾ ਹੈ। ਇਨ੍ਹਾਂ ਟੀਮਾਂ ਨੂੰ ਖਪਤਕਾਰਾਂ ਤੋਂ ਬਕਾਇਆ ਰਾਸ਼ੀ ਵਸੂਲਣ ਅਤੇ ਬਣਦੀ ਰਾਸ਼ੀ ਨਾਲ ਭਰਨ ਦੀ ਸੂਰਤ ’ਚ 2 ਦਿਨਾਂ ਬਾਅਦ ਕੁਨੈਕਸ਼ਨ ਕੱਟ ਕੇ ਮੀਟਰ ਲਾਹੁਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਬਿਜਲੀ ਖਪਤਕਾਰ ਬਕਾਇਆ ਰਾਸ਼ੀ ਆਨਲਾਈਨ ਵੀ ਭਰ ਸਕਦੇ ਹਨ। ਦੱਸਣਯੋਗ ਹੈ ਕਿ ਬਿਜਲੀ ਵਿਭਾਗ ਵੱਲੋਂ ਵਾਰ-ਵਾਰ ਅਪੀਲਾਂ ਕਰਨ ’ਤੇ ਖਪਤਕਾਰ ਬਿਜਲੀ ਦੇ ਬਿੱਲਾਂ ਦਾ ਬਕਾਇਆ ਨਹੀਂ ਭਰ ਰਹੇ। ਇਸ ਕਾਰਨ ਵਿਭਾਗ ਸਖਤ ਹੋਣ ਦੇ ਮੂਡ ਵਿੱਚ ਦਿਖਾਈ ਦੇ ਰਿਹਾ ਹੈ।