ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 19 ਨਵੰਬਰ
ਇੱਥੇ ਆਰੀਆ ਕੰਨਿਆ ਕਾਲਜ ਵਿੱਚ ਇਤਿਹਾਸ ਵਿਭਾਗ ਵੱਲੋਂ ਆਦਿਵਾਸੀ ਨਾਇਕ ਬਿਰਸਾ ਮੁੰਡਾ ਦੀ 150ਵੀਂ ਜਨਮ ਸ਼ਤਾਬਦੀ ਜਨਜਾਤੀ ਗੌਰਵ ਸਾਲ ਦੇ ਸੰਦਰਭ ਵਿਚ ਨਾਇਕ ਬਿਰਸਾ ਮੁੰਡਾ ਦਾ ਸੁਤੰਤਰਤਾ ਅੰਦੋਲਨ ਵਿਚ ਯੋਗਦਾਨ ਵਿਸ਼ੇ ’ਤੇ ਸਮਾਗਮ ਕਰਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਇਤਿਹਾਸ ਵਿਭਾਗ ਦੀ ਮੁਖੀ ਡਾ. ਮੁਮਤਾਜ ਰਹੀ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਬਿਰਸਾ ਮੁੰਡਾ ਜਿਹੇ ਜਨਜਾਤੀ ਨਾਇਕ ਆਪਣੇ ਮਹਾਨ ਯੋਗਦਾਨ ਦੇ ਬਾਵਜੂਦ ਵੀ ਇਤਿਹਾਸ ਦੇ ਪੰਨਿਆਂ ਤੋਂ ਵਿਰਵੇ ਰਹਿ ਜਾਂਦੇ ਹਨ। ਇਨ੍ਹਾਂ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ। ਅਜਿਹੇ ਨਾਇਕਾਂ ਦਾ ਜੀਵਨ ਤੇ ਵਿਚਾਰਧਾਰਾ ਸਾਡੇ ਲਈ ਰਾਹ ਦਸੇਰਾ ਦਾ ਕੰਮ ਕਰਦੀ ਹੈ। ਡਾ. ਮੁਮਤਾਜ ਨੇ ਕਿਹਾ ਕਿ ਸਾਨੂੰ ਆਜ਼ਾਦ ਭਾਰਤ ਦੇ ਵਾਸੀਆਂ ਨੂੰ ਸ਼ਹੀਦ ਬਿਰਸਾ ਮੁੰਡਾ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਵਿਅਕਤੀਗਤ ਅਧਿਕਾਰਾਂ, ਧਾਰਮਿਕ ਤੇ ਸੰਸਕ੍ਰਿਤਕ ਸਮਾਨਤਾ ਤੇ ਸ਼ੋਸ਼ਣ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਏਕਤਾ ਦੀ ਅਪੀਲ ਕੀਤੀ ਤੇ ਬ੍ਰਿਟਿਸ਼ ਸਮਰਾਜ ਨਾਲ ਲੜਦੇ ਹੋਏ ਛੋਟੀ ਜਿਹੀ ਉਮਰ ਵਿੱਚ ਹੀ ਸ਼ਹੀਦੀ ਪਾ ਲਈ ਸੀ। ਇਸ ਮੌਕੇ ਡਾ. ਸਿਮਰਜੀਤ ਕੌਰ, ਪੂਜਾ ਸਣੇ ਬੀਏ, ਪਹਿਲਾ, ਬੀਸੀਏ, ਬੀਕਾਮ, ਬੀਐੱਸਸੀ ਤੇ ਫੈਸ਼ਨ ਡਿਜ਼ਾਇਨਿੰਗ ਦੀਆਂ 76 ਵਿਦਿਆਰਥਣਾਂ ਮੌਜੂਦ ਸਨ।