ਰਾਮ ਕੁਮਕਾਰ ਮਿੱਤਲ
ਗੂਹਲਾ ਚੀਕਾ, 6 ਅਗਸਤ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਹਰ ਸਿੱਖ ਆਪਣੇ ਘਰ ਉੱਪਰ ਖਾਲਸਾਈ ਸ਼ਾਨ ਦਾ ਪ੍ਰਤੀਕ ਖੰਡੇ ਵਾਲਾ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ। ਜਥੇਦਾਰ ਦਾਦੂਵਾਲ ਦੇ ਸੱਕਤਰ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀਂ ਤੇ ਨੌਵੀਂ ਚੀਕਾ ਆਪਣੇ ਮੁੱਖ ਦਫਤਰ ਤੋਂ ਜਥੇਦਾਰ ਦਾਦੂਵਾਲ ਵੱਲੋਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਹਰ ਕੋਈ ਸਿੱਖ ਆਪਣੇ-ਆਪਣੇ ਘਰਾਂ ਦੇ ਤੇ ਆਪਣਾ ਧਾਰਮਿਕ ਨਿਸ਼ਾਨ ਖੰਡੇ ਵਾਲਾ ਕੇਸਰੀ ਝੰਡਾ ਝੁਲਾਉਣ। ਇਸ ਕੇਸਰੀ ਝੰਡੇ ਦੀ ਅਗਵਾਈ ਵਿੱਚ ਸਿੱਖਾਂ ਨੇ ਆਪਣੀ ਆਨ ਸ਼ਾਨ ਨੂੰ ਬਹਾਲ ਰੱਖਣ ਅਤੇ ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ। ਭਾਰਤ ਸਰਕਾਰ ਦਾ ਰਿਕਾਰਡ ਬੋਲਦਾ ਹੈ ਕਿ ਭਾਰਤ ਦੀ ਆਜ਼ਾਦੀ ਵਾਸਤੇ 121 ਬੰਦੇ ਫਾਂਸੀਆਂ ਤੇ ਚੜੇ ਜਿਨਾਂ ਵਿੱਚੋਂ 93 ਸਿੱਖ ਸਨ। ਉਨਾਂ ਕਿਹਾ ਕਿ 2646 ਬੰਦੇ ਕਾਲੇਪਾਣੀ ਗਏ ਉਮਰਕੈਦਾਂ ਕੱਟੀਆਂ ਜਿਨਾਂ ਵਿੱਚ 2147 ਸਿੱਖ ਸਨ ਗਦਰੀ ਬਾਬੇ ਬਜ ਬਜ ਘਾਟ ਤੇ 113 ਭਾਰਤੀ ਸ਼ਹੀਦ ਹੋਏ ਜਿਨਾਂ ਵਿੱਚ 67 ਸਿੱਖ ਸਨ। ਜੱਲ੍ਹਿਆਂ ਵਾਲੇ ਬਾਗ਼ ਵਿਚ 1300 ਭਾਰਤੀ ਸ਼ਹੀਦ ਹੋਏ ਜਿਨ੍ਹਾਂ ਵਿੱਚ 799 ਸਿੱਖ ਸਨ 500 ਬੱਬਰ ਅਕਾਲੀ ਸ਼ਹੀਦ ਹੋਏ ਸਾਰੇ ਸਿੱਖ ਸਨ ਅਤੇ 90 ਦੇ ਕਰੀਬ ਕੂਕੇ ਸਿੱਖਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਸੀ। ਭਾਰਤ ਦੀ ਆਜ਼ਾਦੀ ਵਾਸਤੇ ਸਾਡੇ ਅਨੇਕਾਂ ਮਰਜੀਵੜਿਆਂ ਨੇ ਆਪਣਾ ਖੂਨ ਡੋਲਿਆ ਤਬਾਹੀ ਝੱਲੀ ਅਤੇ ਭਾਰਤ ਦੇਸ਼ ਨੂੰ ਗੋਰੇ ਅੰਗਰੇਜਾਂ ਤੋਂ ਆਜ਼ਾਦ ਕਰਵਾਇਆ। ਇਸੇ ਲਈ ਤਿਰੰਗੇ ਝੰਡੇ ਵਿੱਚ ਕੇਸਰੀ ਰੰਗ ਸਿੱਖਾਂ ਦੀ ਕੁਰਬਾਨੀ ਦਾ ਰੰਗ ਹੈ।