* ਨਵ-ਵਿਆਹੇ ਜੋੜੇ ਨੇ ਸ਼ਗਨਾਂ ਦੇ ਪੈਸੇ ਸੰਯੁਕਤ ਕਿਸਾਨ ਮੋਰਚੇ ਨੂੰ ਭੇਟ ਕੀਤ
ਪ੍ਰਭੂ ਦਿਆਲ
ਸਿਰਸਾ, 27 ਫਰਵਰੀ
ਇਥੋਂ ਦੇ ਭਾਵਦੀਨ ਟੌਲ ਪਲਾਜ਼ੇ ’ਤੇ ਧਰਨਾ ਦੇ ਰਹੇ ਕਿਸਾਨਾਂ ਕੋਲ ਇਨਕਲਾਬ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਉਂਦੀ ਬਰਾਤ ਪਹੁੰਚੀ ਤਾਂ ਧਰਨਾ ਦੇ ਰਹੇ ਕਿਸਾਨਾਂ ਨੇ ਵੀ ਨਾਅਰਿਆਂ ਨਾਲ ਸਵਾਗਤ ਕੀਤਾ।
ਬਰਾਤ ਟਰੈਕਟਰਾਂ ’ਤੇ ਰਵਾਨਾ ਹੋਈ। ਟਰੈਕਟਰਾਂ ਨੂੰ ਪੂਰਾ ਸ਼ਿੰਗਾਰਿਆ ਹੋਇਆ ਸੀ। ਜਾਣਕਾਰੀ ਅਨੁਸਾਰ ਢਾਣੀ ਰਾਮਪੁਰਾ ਵਾਸੀ ਨਰਾਇਣ ਦਾਸ ਦੇ ਪੁੱਤਰ ਸੁਖਵਿੰਦਰ ਦਾ ਅੱਜ ਵਿਆਹ ਸੀ। ਬਰਾਤ ਟਰੈਕਟਰਾਂ ’ਤੇ ਸਵਾਰ ਹੋ ਕੇ ਟੌਲ ਪਲਾਜ਼ੇ ਨੇੜੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਸਬੰਧੀ ਚੱਲ ਰਹੇ ਧਰਨੇ ’ਤੇ ਪੁੱਜੀ ਤਾਂ ਬਰਾਤ ਨੇ ਇਨਕਲਾਬ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਲਾੜੇ ਨੇ ਵੀ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਏ, ਜਿਸ ਦਾ ਜਵਾਬ ਕਿਸਾਨਾਂ ਨੇ ਵੀ ਨਾਅਰਿਆਂ ਨਾਲ ਦਿੱਤਾ। ਬਰਾਤ ਕਾਫੀ ਦੇਰ ਤਕ ਕਿਸਾਨਾਂ ਦੇ ਨਾਲ ਧਰਨਾ ’ਤੇ ਬੈਠੀ ਅਤੇ ਢੋਲ ’ਤੇ ਬਰਾਤੀਆਂ ਨੇ ਭੰਗੜੇ ਪਾਏ। ਬਾਅਦ ਵਿੱਚ ਬਰਾਤ ਲਾੜੀ ਨੂੰ ਵਿਆਹੁਣ ਲਈ ਸਿਰਸਾ ਰਵਾਨਾ ਹੋਈ।
ਇਸ ਦੌਰਾਨ ਲਾੜੇ ਦੇ ਪਿਓ ਨਰਾਇਣ ਦਾਸ ਨੇ ਕਿਹਾ ਕਿ ਉਹ ਇਕ ਕਿਸਾਨ ਹੈ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਮੋਰਚੇ ’ਚ ਸ਼ਮੂਲੀਅਤ ਦੇ ਨਾਲ ਸਥਾਨਕ ਟੌਲ ਪਲਾਜ਼ੇ ’ਤੇ ਲਗਾਤਾਰ ਧਰਨੇ ’ਚ ਬੈਠਦਾ ਰਿਹਾ ਹੈ। ਅੱਜ ਪੁੱਤਰ ਦਾ ਵਿਆਹ ਵੀ ਉਨ੍ਹਾਂ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ।
ਬੁਢਲਾਡਾ (ਐੱਨਪੀ ਸਿੰਘ): ਇੱਥੋਂ ਨੇੜਲੇ ਪਿੰਡ ਉੱਡਤ ਸੈਦੇਵਾਲਾ ਦੇ ਨੌਜਵਾਨ ਬਲਜੀਤ ਸਿੰਘ ਗਿੱਲ ਪੁੱਤਰ ਪ੍ਰੇਮ ਪ੍ਰਕਾਸ਼ ਸਿੰਘ ਗਿੱਲ ਨੇ ਵਿਆਹ ਸਮਾਗਮ ਮਗਰੋਂ ਆਪਣੀ ਨਵਵਿਆਹੀ ਪਤਨੀ ਮਨਵੀਰ ਕੌਰ ਪੁੱਤਰੀ ਗੁਰਦਿਆਲ ਸਿੰਘ ਵਾਸੀ ਨੱਥੂਵਾਲ ਗਰਵਾ ਜ਼ਿਲ੍ਹਾ ਮੋਗਾ ਨਾਲ ਸ਼ਗਨਾਂ ਦੀ ਇਕੱਠੀ ਹੋਈ ਰਕਮ ਅੱਜ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਸਥਿਤ ਸੰਯੁਕਤ ਕਿਸਾਨ ਮੋਰਚੇ ਨੂੰ ਭੇਟ ਕੀਤੀ।
ਇਸ ਮੌਕੇ ਉਨ੍ਹਾਂ ਦੇ ਚਾਚਾ ਪਰਸ਼ੋਤਮ ਸਿੰਘ ਗਿੱਲ, ਐਡਵੋਕੇਟ ਬਲਕਰਨ ਸਿੰਘ ਬੱਲੀ, ਕੁਲ ਹਿੰਦ ਪ੍ਰਗਤੀਸ਼ੀਲ ਸਭਾ ਪੰਜਾਬ ਦੀ ਆਗੂ ਜਸਵੀਰ ਕੌਰ ਨੱਤ ਹਾਜ਼ਰ ਸਨ। ਅਧਿਆਪਕ ਆਗੂ ਨਾਜ਼ਰ ਸਿੰਘ ਬੋਹਾ ਨੇ ਦੱਸਿਆ ਕਿ ਇਸ ਨਵੀਂ ਪਿਰਤ ਦੀ ਪਿੰਡ ਉੁੱਡਤ ਸੈਦੇਵਾਲਾ ਦੇ ਵਾਸੀਆਂ ਨੇ ਸ਼ਲਾਘਾ ਕੀਤੀ। ਬੀਕੇਯੂ ਡਕੌਂਦਾ ਦੇ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਜੋੜੇ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੱਤੀ।