ਪੱਤਰ ਪ੍ਰੇਰਕ
ਜੀਂਦ, 31 ਅਕਤੂਬਰ
ਮੋਦੀ ਸਰਕਾਰ ਦੇ ਨਵੇਂ ਖੇਤੀ ਦੇ ਕਾਨੂੰਨਾਂ ਦੇ ਵਿਰੋਧ ਵਿੱਚ ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਜੀਂਦ ਜ਼ਿਲ੍ਹੇ ਦੇ ਸ਼ਾਹਪੁਰ ਵਾਸੀ 62 ਸਾਲਾ ਕਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਸਾਹਪੁਰ ਵਾਸੀ ਕਰਨ ਸਿੰਘ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਦੇ ਆ ਰਹੇ ਸਨ। ਉਹ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਚੱਲ ਰਹੇ ਧਰਨੇ ਵਿੱਚ ਸ਼ਾਮਿਲ ਸਨ। ਕੱਲ੍ਹ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਕਾਰਨ ਕਰਨ ਸਿੰਘ ਦਾ ਧਰਨਾ ਸਥਾਨ ਉੱਤੇ ਹੀ ਦੇਹਾਂਤ ਹੋ ਗਿਆ। ਉਨ੍ਹਾਂ ਦੇ ਸਸਕਾਰ ਵੇਲੇ ਟੇਕ ਰਾਮ ਕੰਡੇਲਾ, ਓਮ ਪ੍ਰਕਾਸ਼ ਕੰਡੇਲਾ ਸਣੇ ਹੋਰ ਸੰਗਠਨਾਂ ਦੇ ਆਗੂ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੇ ਕਿਸਾਨ ਕਰਨ ਸਿੰਘ ਦੀ ਜਾਨ ਲਈ ਹੈ। ਉੱਧਰ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਰਨ ਸਿੰਘ ਦੀ ਸ਼ਹਾਦਤ ਬੇਅਰਥ ਨਹੀਂ ਜਾਣ ਦਿੱਤੀ ਜਾਵੇਗੀ।