ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 12 ਜਨਵਰੀ
ਗੋਭੀ ਦੀ ਨਰਸਰੀ ਦੇ ਮਾਲਕ ਵੱਲੋਂ ਕਿਸਾਨ ਨੂੰ ਹਾਈਬ੍ਰਿਡ ਗੋਭੀ ਦੀ ਪਨੀਰੀ ਦੀ ਥਾਂ ਦੇਸੀ ਗੋਭੀ ਦੀ ਪਨੀਰੀ ਦੇਣ ਕਾਰਨ ਪਿੰਡ ਬਰਗਟ ਜਾਟਾਨ ਦੇ ਕਿਸਾਨ ਜੈ ਪਾਲ ਨੂੰ ਭਾਰੀ ਨੁਕਸਾਨ ਹੋਇਆ ਹੈ। ਜੈਪਾਲ ਨੇ ਨਰਸਰੀ ਦੇ ਮਾਲਕ ਦੇ ਖ਼ਿਲਾਫ਼ ਲਾਡਵਾ ਥਾਣੇ ਵਿੱਚ ਮਾਮਲਾ ਦਰਜ ਕਰਾਇਆ ਹੈ, ਤਾਂ ਜੋ ਉਹ ਗੋਭੀ ਦੀ ਨਰਸਰੀ ਚਲਾਉਣ ਵਾਲੇ ਤੋਂ ਆਪਣੇ ਹੋਏ ਨੁਕਸਾਨ ਦੀ ਪੂਰਤੀ ਕਰ ਸਕੇ। ਬਰਗਟ ਨਿਵਾਸੀ ਕਿਸਾਨ ਜੈ ਪਾਲ ਨੇ ਦੋਸ਼ ਲਾਇਆ ਹੈ ਕਿ ਉਸ ਨੇ ਬਰੌਂਦਾ ਦੀ ਨਰਸਰੀ ਤੋਂ ਗੋਭੀ ਦੇ ਹਾਈਬ੍ਰਿਡ ਦੀ ਪਨੀਰੀ ਦੇ 13 ਹਜ਼ਾਰ ਪੌਦੇ 7 ਹਜ਼ਾਰ 800 ਰੁਪਏ ਵਿੱਚ ਖ਼ਰੀਦੇ ਸਨ। ਨਰਸਰੀ ਦੇ ਮਾਲਕ ਨੇ ਉਸ ਨੂੰ ਹਾਈਬ੍ਰਿਡ ਗੋਭੀ ਦੀ ਪਨੀਰੀ ਕਹਿ ਕੇ ਦਿੱਤੀ ਸੀ, ਜਿਸ ਦੀ ਫਸਲ 70 ਦਿਨ ਵਿੱਚ ਆਉਂਦੀ ਹੈ।
ਕਿਸਾਨ ਦਾ ਕਹਿਣਾ ਹੈ ਕਿ ਉਸ ਨੇ ਉਹ ਪਨੀਰੀ ਆਪਣੇ ਖੇਤ ਵਿੱਚ ਬੀਜ ਦਿੱਤੀ ਤੇ ਜਿਸ ਵਿੱਚ 40 ਦਿਨਾਂ ਬਾਅਦ ਹੀ ਫੁੱਲ ਆਉਣੇ ਸ਼ੁਰੂ ਹੋ ਗਏ।
ਜੈ ਪਾਲ ਦਾ ਕਹਿਣਾ ਹੈ ਕਿ ਜਦ ਉਹ ਇਸ ਬਾਰੇ ਨਰਸਰੀ ਦੇ ਮਾਲਕ ਨੂੰ ਮਿਲਿਆ ਤਾਂ ਉਸਨੇ ਕੋਈ ਰਾਹ ਨਹੀਂ ਦਿੱਤਾ ਤੇ ਕਿਹਾ ਕਿ ਖੇਤ ਵਿੱਚ ਆਵਾਂਗਾ ਜੋ ਅੱਜ ਤੱਕ ਨਹੀਂ ਆਇਆ। ਜੈ ਪਾਲ ਦਾ ਕਹਿਣਾ ਹੈ ਕਿ ਉਸ ਨੇ ਇਹ ਜ਼ਮੀਨ ਠੇਕੇ ’ਤੇ ਲਈ ਹੋਈ ਹੈ ਤੇ ਖੇਤ ਤਿਆਰ ਕਰਨ ’ਤੇ ਵੀ ਕਾਫੀ ਖਰਚ ਹੋਇਆ ਸੀ ਜਿਸ ਦੇ ਖਰਚੇ ਦੀ ਭਰਪਾਈ ਇਸ ਗੋਭੀ ਦੀ ਫ਼ਸਲ ਨਾਲ ਨਹੀਂ ਹੋ ਸਕਦੀ। ਉਸ ਨੇ ਮੰਗ ਕੀਤੀ ਹੈ ਕਿ ਨਰਸਰੀ ਸੰਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕਰ ਉਸ ਦੇ ਖੇਤ ਵਿੱਚ ਹੋਏ ਨੁਕਸਾਨ ਦਾ ਮੁਆਵਜ਼ਾ ਉਸ ਨੂੰ ਦਿਵਾਇਆ ਜਾਏ।