ਮਹਾਵੀਰ ਮਿੱਤਲ
ਜੀਂਦ, 15 ਮਈ
ਖਟਕੜ ਟੌਲ ਪਲਾਜ਼ਾ ਕੋਲ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਸੰਕੇਤਕ ਭੁੱਖ ਹੜਤਾਲ ’ਤੇ ਫਿਰੋਜ਼ ਖਾਨ, ਨਵਾਬ ਅਲੀ, ਬਾਰੂ ਰਾਮ, ਸਤਿਵੀਰ ਨੰਬਰਦਾਰ ਅਤੇ ਜਸਬੀਰ ਬਰਸੋਲਾ ਬੈਠੇ। ਮੰਚ ਦਾ ਸੰਚਾਲਨ ਬਜਿੰਦਰ ਸਿੰਘ ਨੇ ਕੀਤਾ। ਧਰਨੇ ਦੀ ਪ੍ਰਧਾਨਗੀ ਪੰਡਿਤ ਵੇਦ ਪ੍ਰਕਾਸ਼ ਅਲੀਪੁਰਾ ਨੇ ਕੀਤੀ। ਕਰੋਨਾ ਮਹਾਮਾਰੀ ਨੂੰ ਪਿੰਡਾਂ ਵਿੱਚ ਫੈਲਣ ਲਈ ਕਿਸਾਨ ਅੰਦੋਲਨ ਨੂੰ ਜ਼ਿੰਮੇਦਾਰ ਠਹਿਰਾਉਣ ਉੱਤੇ ਕਿਸਾਨਾਂ ਨੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਦਾ ਪੁਤਲਾ ਸਾੜਿਆ। ਸੀਐੱਮ ਮਨੋਹਰ ਲਾਲ ਦੁਆਰਾ ਕਿਸਾਨ ਅੰਦੋਲਨ ਸਮਾਪਤ ਕੀਤੇ ਜਾਣ ਦੀ ਅਪੀਲ ਉੱਤੇ ਬੀਜੇਯੂ ਦੇ ਜ਼ਿਲ੍ਹਾ ਪ੍ਰਧਾਨ ਆਜ਼ਾਦ ਪਾਲਵਾਂ ਨੇ ਕਿਹਾ ਕਿ ਕਿਸਾਨਾਂ ਨੇ ਸੀਐੱਮ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਕਿਸਾਨਾਂ ਦੀ ਮੰਗਾਂ ਮਨਵਾਉਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਨਸਾਨੀਅਤ ਦੇ ਨਾਤੇ ਕਿਸਾਨਾਂ ਦੀ ਮੰਗ ਨੂੰ ਮੰਨਦੇ ਹੋਏ ਖੇਤੀ ਦੇ ਤਿੰਨੇ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਐੱਮਐੱਸਪੀ ਉੱਤੇ ਕਾਨੂੰਨ ਬਣਾਉਣਾ ਚਾਹੀਦਾ ਹੈ। ਕਿਸਾਨ 5 ਮਹੀਨਿਆਂ ਤੋਂ ਧਰਨੇ ਦੇ ਰਹੇ ਹਨ, 400 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਅੱਜ ਸਿੱਖਿਆ ਮੰਤਰੀ ਕਹਿੰਦੇ ਹਨ ਕਿ ਕਿਸਾਨ ਅੰਦੋਲਨ ਕਾਰਨ ਕਰੋਨਾ ਫੈਲ ਰਿਹਾ ਹੈ ਪਰ ਜਦੋਂ ਚੋਣ ਰੈਲੀਆਂ ਵਿੱਚ ਭਾਜਪਾ ਆਗੂ ਆਪਣਾ ਪ੍ਰੋਗਰਾਮ ਕਰਦੇ ਹਨ ਤਾਂ ਕੀ ਉਸ ਵੇਲੇ ਕਰੋਨਾ ਨਹੀਂ ਫੈਲਦਾ। ਕਿਸਾਨ ਅੱਜ ਕਰੋਨਾ ਵੈਕਸੀਨ ਲਗਵਾ ਰਹੇ ਹਨ ਅਤੇ ਡਬਲਯੂਐੱਚਓ ਦੀ ਹਦਾਇਤਾਂ ਦਾ ਪਾਲਣ ਵੀ ਕਰ ਰਹੇ ਹਨ। ਜੇਕਰ ਪੀਐੱਮ ਜਾਂ ਸੀਐੱਮ ਨੂੰ ਕਿਸਾਨਾਂ ਦੀ ਇਤਨੀ ਫ਼ਿਕਰ ਹੈ ਤਾਂ ਉਹ ਫਿਰ ਖੇਤੀ ਦੇ ਤਿੰਨੇ ਕਾਨੂੰਨ ਰੱਦ ਕਿਉਂ ਨਹੀਂ ਕਰ ਦਿੰਦੇ।
ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸਾਨ ਅੰਦੋਲਨ ਵਿੱਚ ਭਾਗ ਲੈ ਰਹੇ ਹਨ। ਕਿਸਾਨ ਅੰਦੋਲਨ ਇੱਕ ਜਨ ਅੰਦੋਲਨ ਬਣ ਚੁੱਕਿਆ ਹੈ। ਸਰਕਾਰ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬ ਵਰਗ ਦੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ ਅਤੇ ਜ਼ਿਆਦਾ ਸਮਾਂ ਹੋਰ ਨਾ ਲਗਾਉਂਦੇ ਹੋਏ ਤੁਰੰਤ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ ਤਾਂਕਿ ਕਰੋਨਾ ਮਹਾਮਾਰੀ ਦੇ ਕਾਲ ਵਿੱਚ ਹਰ ਕਿਸਾਨ ਆਪਣੇ ਘਰ ਜਾ ਕੇ ਅਪਣੇ ਪਰਿਵਾਰ ਨਾਲ ਜ਼ਿੰਦਗੀ ਬਿਤਾ ਸਕੇ।