ਕੇਕੇ ਬਾਂਸਲ
ਰਤੀਆ, 23 ਫਰਵਰੀ
ਖੇਤੀ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਇੱਥੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰਹੇ ਮੋਰਚੇ ਦੌਰਾਨ ਅਨਾਜ ਮੰਡੀ ਰਤੀਆ ਵਿੱਚ ‘ਪਗੜੀ ਸੰਭਾਲ ਜੱਟਾ’ ਤਹਿਤ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ ਸੰਘਰਸ਼ ਕਮੇਟੀ ਦੇ ਜਗਮੋਹਨ ਸਿੰਘ, ਭਜਨ ਭਗਤ ਸਿੰਘ, ਐਡਵੋਕੇਟ ਇੰਦਰਜੀਤ ਕੌਰ, ਮਨਦੀਪ ਸਿੰਘ ਨੱਥਵਾਨ, ਬਲਵੀਰ ਸਿੰਘ ਬਾੜਾ, ਅਮਨ ਜੈਨ ਅਤੇ ਤੇਜਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਦਿਵਸ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਅਤੇ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਅਤੇ ਸਵਾਮੀ ਸਰਜਾ ਨੰਦ ਨੂੰ ਸਮਰਪਿਤ ਸੀ। ਇਸ ਦੌਰਾਨ ਕੇਂਦਰ ਵੱਲੋਂ ਲਿਆਂਦੇ ਖੇਤੀਬਾੜੀ ਸਬੰਧੀ ਮਾਰੂ ਕਾਨੂੰਨਾਂ ਦੀ ਵਾਪਸੀ ਹੋਣ ਤੱਕ ਡਟੇ ਰਹਿਣ ਦਾ ਅਹਿਦ ਲਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਵਿਰੋਧੀ ਕਾਲੇ ਕਨੂੰਨ ਲਾਗੂ ਕਰਕੇ ਦੇਸ਼ ਦੇ ਲੋਕਾਂ ਨੂੰ ਮੁੜ ਗੁਲਾਮੀ ਦੀਆਂ ਜ਼ੰਜੀਰਾਂ ’ਚ ਜਕੜ ਰਹੀ ਹੈ। ਇਨ੍ਹਾਂ ਕਾਲੇ ਕਾਨੂੰਨਾਂ ਦਾ ਦੇਸ਼ ਅੰਦਰ ਕਿਸੇ ਵੀ ਵਰਗ ਨੂੰ ਨਾਭ ਨਹੀਂ ਹੋਵੇਗਾ ਸਗੋਂ ਪੂਰਾ ਦੇਸ਼ ਤਬਾਹ ਹੋ ਜਾਵੇਗਾ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਖੇਤੀ ਵਿਰੋਧੀ ਕਾਲੇ ਕਨੂੰਨ ਰੱਦ ਨਹੀਂ ਕਰਦੀ ਤਦ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਚਾਚਾ ਅਜੀਤ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕਰਦਿਆ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਖਟਕੜ ਤੇ ਬੱਦੋਵਾਲ ਟੌਲ ਪਲਾਜ਼ਿਆਂ ’ਤੇ ਭੀੜ ਨਹੀਂ ਹੋਵੇਗੀ ਘੱਟ
ਜੀਂਦ (ਮਹਾਂਵੀਰ ਮਿੱਤਲ): ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੀਂਦ ਜ਼ਿਲ੍ਹੇ ਵਿੱਚ ਖਟਕੜ ਅਤੇ ਬੱਦੋਵਾਲ ਟੌਲ ਪਲਾਜ਼ੇ ਉੱਤੇ ਦਿੱਤੇ ਜਾ ਰਹੇ ਧਰਨੇ ਵਿੱਚ ਕਣਕ ਅਤੇ ਸਰ੍ਹੋਂ ਦੀ ਫ਼ਸਲ ਦੀ ਕਟਾਈ ਮੌਕੇ ਭੀੜ ਘੱਟ ਨਾ ਹੋਵੇ, ਇਸ ਲਈ ਕਿਸਾਨਾਂ ਦੇ ਸੰਗਠਨ ਵੱਲੋਂ ਬਣਾਈ ਗਈ ਰਣਨੀਤੀ ਅਨੁਸਾਰ ਜੀਂਦ ਜ਼ਿਲ੍ਹੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਸ ਅਨੁਸਾਰ ਜ਼ੋਨ ਨੰਬਰ ਇੱਕ ਵਿੱਚ ਬੱਦੋਵਾਲ ਅਤੇ ਜ਼ੋਨ ਨੰਬਰ ਦੋ ਵਿੱਚ ਖਟਕੜ ਟੌਲ ਪਲਾਜ਼ਾ ਸ਼ਾਮਲ ਕੀਤਾ ਗਿਆ ਹੈ। ਹੁਣ ਮਾਰਚ ਮਹੀਨੇ ਵਿੱਚ ਸਰ੍ਹੋਂ ਅਤੇ ਅਪਰੈਲ ਦੇ ਵਿੱਚ ਕਣਕ ਦੀ ਕਟਾਈ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਇਨ੍ਹਾਂ ਧਰਨਿਆਂ ਉੱਤੇ ਹਰ ਰੋਜ਼ ਕਿਸਾਨਾਂ ਨੂੰ ਬਦਲ-ਬਦਲ ਕੇ ਬਿਠਾਇਆ ਜਾਵੇਗਾ ਅਤੇ ਬਜ਼ੁਰਗ ਮਹਿਲਾਵਾਂ ਅਤੇ ਪੁਰਸ਼ਾਂ ਦੀ ਵੀ ਮਦਦ ਲਈ ਜਾਵੇਗੀ। 15-15 ਪਿੰਡਾਂ ਦੇ ਗਰੁੱਪ ਨੂੰ ਦੋ ਜ਼ੋਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੋਵੇਂ ਟੌਲ ਪਲਾਜ਼ਿਆਂ ਉੱਤੇ ਭੀੜ ਘੱਟ ਨਾ ਹੋਣ ਦੇ ਮੁੱਦੇ ਨੂੰ ਲੈ ਕੇ ਭਾਕਿਯੂ ਦੇ ਜ਼ਿਲ੍ਹਾ ਪ੍ਰਧਾਨ ਆਜ਼ਾਦ ਸਿੰਘ ਪਾਲਵਾਂ ਅਤੇ ਖੇੜਾ ਖਾਪ ਦੇ ਪ੍ਰਧਾਨ ਸਤਵੀਰ ਸਿੰਘ ਪਹਿਲਵਾਨ ਨੇ ਕਿਹਾ ਕਿ ਇਨ੍ਹਾਂ ਧਰਨਿਆਂ ਉੱਤੇ ਹਰ ਕਿਸਾਨ ਆਪਣੀ-ਆਪਣੀ ਲੱਗੀ ਡਿਊਟੀ ਦੇ ਅਨੁਸਾਰ ਬੈਠ ਕੇ ਧਰਨੇ ਵਿੱਚ ਸ਼ਾਮਲ ਹੋਵੇਗਾ ਤੇ ਇਨ੍ਹਾਂ ਧਰਨਿਆਂ ਉੱਤੇ ਫਸਲਾਂ ਦੀ ਕਟਾਈ ਦੇ ਦੌਰਾਨ ਵੀ ਕਿਸਾਨਾਂ ਦੀ ਸੰਖਿਆ ਘੱਟ ਨਹੀਂ ਹੋਵੇਗੀ।
5100 ਨੌਜਵਾਨ ਖੂਨ ਨਾਲ ਲਿਖਣਗੇ ਰਾਸਟਰਪਤੀ ਨੂੰ ਪੱਤਰ
ਜੀਂਦ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੀਂਦ ਜ਼ਿਲ੍ਹੇ ਦੇ 5100 ਨੌਜਵਾਨ ਖੂਨ ਨਾਲ ਰਾਸ਼ਟਰਪਤੀ ਨੂੰ ਪੱਤਰ ਲਿਖਣਗੇਂ। ਇਸ ਲਈ ਮੁਹਿੰਮ ਜਲਦੀ ਹੀ ਸ਼ੁਰੂ ਕੀਤੀ ਜਾ ਰਹੀ ਹੈ। ਭਾਰਤੀ ਨੌਜਵਾਨ ਸਭਾ ਜੀਂਦ ਦੇ ਪ੍ਰਧਾਨ ਬਬਲੂ ਮਿਰਚਪੁਰ ਨੇ ਇਸ ਮੁਹਿੰਮ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਜੀਂਦ ਜ਼ਿਲ੍ਹੇ ਦੇ 5100 ਨੌਜਵਾਨ ਮੋਦੀ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੇ ਖੂਨ ਨਾਲ ਰਾਸ਼ਟਰਪਤੀ ਨੂੰ ਪੱਤਰ ਲਿਖਣਗੇ। ਨੌਜਵਾਨ ਇਸ ਪੱਤਰ ਵਿੱਚ ਰਾਸ਼ਟਰਪਤੀ ਨੂੰ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਲਈ ਕਹਿਣਗੇ। ਬਬਲੂ ਮਿਰਚਪੁਰ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਪਿਛਲੇ 88 ਦਿਨਾਂ ਤੋਂ ਦਿੱਲੀ ਦੇ ਟਿੱਕਰੀ ਬਾਰਡਰ ਉੱਤੇ ਕਿਸਾਨ ਅੰਦੋਲਨ ਵਿੱਚ ਪੂਰਾ ਸਹਿਯੋਗ ਕਰ ਰਿਹਾ ਹੈ। ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਘਰ ਵਾਪਸ ਨਹੀਂ ਜਾਣਗੇ।