ਨਿੱਜੀ ਪੱਤਰ ਪ੍ਰੇਰਕ
ਸਿਰਸਾ, 16 ਅਗਸਤ
ਇਥੋਂ ਦੇ ਪਿੰਡ ਕਰੀਵਾਲਾ ’ਚ ਕਿਸਾਨ ਪੰਚਾਇਤ ਹੋਈ। ਇਸ ਵਿੱਚ ਮੋਦੀ ਸਰਕਾਰ ’ਤੇ ਕਿਸਾਨਾਂ ਨਾਲ ਵਾਆਦਾ ਖ਼ਿਲਾਫ਼ੀ ਕੀਤੇ ਜਾਣ ਦੇ ਦੋਸ਼ ਲਾਏ ਗਏ। ਕਿਸਾਨ ਪੰਚਾਇਤ ’ਤੇ ਬਿਜਲੀ ਸੋਧ ਬਿੱਲ 2022 ਨੂੰ ਵਾਪਸ ਲੈਣ ਤੇ ਲਖੀਮਪੁਰੀ ਖੀਰੀ ਦੇ ਕਥਿਤ ਮੁਖ ਦੋਸ਼ੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤੇ ਜਾਣ ਦੀ ਮੰਗ ਜ਼ੋਰ ਸ਼ੋਰ ਨਾਲ ਕੀਤੀ ਗਈ। ਕਿਸਾਨ ਪੰਚਾਇਤ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਸਭਾ ਦੇ ਸੀਨੀਅਰ ਆਗੂ ਕਾ. ਸੁਵਰਨ ਵਿਰਕ ਨੇ ਕਿਹਾ ਕਿ ਮੋਦੀ ਸਰਕਾਰ 2022 ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਹੀ ਸੀ ਪਰ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਖਰਚੇ ਦੁੱਗਣੇ ਹੋਏ ਹਨ ਤੇ ਆਮਦਨ ਪਹਿਲਾਂ ਨਾਲੋ ਘਟੀ ਹੈ ਜਦੋਂਕਿ ਕਾਰਪੋਰੇਟ ਘੇਰਾਣਿਆਂ ਦੀ ਆਮਦਨ ’ਚ ਕਈ ਗੁਣਾ ਵਾਧਾ ਹੋਇਆ ਹੈ। ਕਿਸਾਨ ਪੰਚਾਇਤ ਨੂੰ ਰਾਜ ਕੁਮਾਰ ਸ਼ੇਖੁਪੁਰੀਆ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਸੁਖਦੇਵ ਸਿੰਘ ਜੰਮੂ ਤੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਜਗਰੂਪ ਸਿੰਘ ਚੌਬੁਰਜਾ ਨੇ ਵੀ ਸੰਬੋਧਨ ਕੀਤਾ। ਕਿਸਾਨ ਪੰਚਾਇਤ ਵਿੱਚ ਕਿਸਾਨੀ ਮੰਗਾਂ ਦੀ ਪੂਰਤੀ ਲਈ ਅੰਦੋਲਨ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਲਿਆ ਗਿਆ। ਕਿਸਾਨ ਪੰਚਾਇਤ ਵਿੱਚ ਇਲਾਕੇ ਦੇ ਕਿਸਾਨ ਵੱਡੀ ਗਿਣਤੀ ’ਚ ਮੌਜੂਦ ਸਨ।