ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਨਵੰਬਰ
ਬਾਬੈਨ ਵਿੱਚ ਡੀਏਪੀ ਖਾਦ ਦੀ ਕਿੱਲਤ ਦੇ ਚੱਲਦੇ ਹੋਏ ਕਿਸਾਨਾਂ ਨੂੰ ਖਾਦ ਲੈਣ ਲਈ ਭੁਖੇ ਪਿਆਸੇ ਦਿਨ ਭਰ ਲਾਈਨਾਂ ਵਿੱਚ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬਾਬੈਨ ਵਿੱਚ ਵੀਰੇਨ ਫਰਟੀਲਾਈਜ਼ਰ ’ਤੇ ਖਾਦ ਆਉਣ ਦੀ ਇਤਲਾਹ ਦੇ ਬਾਅਦ ਦਿਨ ਭਰ ਲਾਈਨਾਂ ਵਿੱਚ ਬੈਠ ਕੇ ਕਿਸਾਨ ਦਿਨ ਭਰ ਖਾਦ ਆਉਣ ਦੀ ਉਡੀਕ ਕਰਦੇ ਰਹੇ। ਸ਼ਾਮ ਦੇ ਸਮੇਂ ਖਾਦ ਆਉਣ ’ਤੇ ਕਿਸਾਨ ਖਾਦ ਲੈਣ ਲਈ ਮਾਰੋ-ਮਾਰੀ ਕਰਨ ਲੱਗੇ। ਜਿਸ ’ਤੇ ਖਾਦ ਵੰਡਣ ਲਈ ਪੁਲੀਸ ਦਾ ਸਹਾਰਾ ਲੈਣਾ ਪਿਆ। ਬਾਬੈਨ ਵਿੱਚ ਮੁਖ ਖਾਦ ਵਿਕਰੇਤਾ ਵਿਰੇਨ ਫਰਟੀਲਾਈਜ਼ਰ ਦੀ ਦੁਕਾਨ ’ਤੇ ਖਾਦ ਆਉਣ ਦੀ ਸੂਚਨਾ ਮਿਲਣ ’ਤੇ ਦੁਕਾਨ ਦੇ ਬਾਹਰ ਲੰਬੀਆਂ ਲਾਈਨਾਂ ਲੱਗ ਗਈਆਂ। ਦੁਕਾਨ ’ਤੇ ਸਿਰਫ ਖਾਦ ਦੇ 1500 ਬੈਗ ਹੀ ਆਏ ਸਨ ਜੋ ਕੁਝ ਹੀ ਦੇਰ ਵਿੱਚ ਵਿਕ ਗਏ। ਦੋ ਦਿਨ ਵਿੱਚ ਦੋ ਹਜ਼ਾਰ ਬੈਗ ਆਉਣ ਦੇ ਬਾਵਜੂਦ ਵੀ ਕਈ ਕਿਸਾਨ ਖਾਦ ਲਈ ਹੱਥ ਮਲਦੇ ਦੇਖੇ ਗਏ। ਕਿਸਾਨ ਸੁਰਜੀਤ ਸਿੰਘ, ਜਗਮਾਲ, ਪਵਨ ਕੁਮਾਰ ਆਦਿ ਦਾ ਕਹਿਣਾ ਹੈ ਕਿ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਪਰ ਉਨ੍ਹਾਂ ਨੂੰ ਕਣਕ ਦੀ ਬਿਜਾਈ ਲਈ ਖਾਦ ਨਹੀਂ ਮਿਲ ਰਹੀ। ਦਿਨ ਭਰ ਲਾਈਨਾਂ ਵਿੱਚ ਲੱਗਣ ਤੋਂ ਬਾਅਦ ਸਿਰਫ ਪੰਜ-ਪੰਜ ਬੈਗ ਹੀ ਖਾਦ ਮਿਲਿਆ ਹੈ ਹੁਣ ਪਤਾ ਨਹੀਂ ਖਾਦ ਕਦੋਂ ਆਏਗੀ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਲਾਈਨਾਂ ਵਿੱਚ ਹੀ ਲੱਗੇ ਰਹੇ ਤਾਂ ਬਿਜਾਈ ਕੌਣ ਕਰੇਗਾ? ਜਦ ਸਰਕਾਰ ਨੂੰ ਪਤਾ ਹੈ ਕਿ ਕਣਕ ਦੀ ਬਿਜਾਈ ਵਿੱਚ ਡੀਏਪੀ ਖਾਦ ਦੀ ਲੋੜ ਹੈ ਤਾਂ ਫਿਰ ਉਹ ਕਿਸਾਨਾਂ ਨੂੰ ਜਾਣ ਬੁੱਝ ਕੇ ਕਿਉਂ ਪ੍ਰੇਸ਼ਾਨ ਕਰ ਰਹੀ ਹੈ? ਕਿਸਾਨਾਂ ਦਾ ਕਹਿਣਾ ਹੈ ਕਿ ਜਦ ਬਿਜਾਈ ਸਮੇਂ ਖਾਦ ਨਹੀਂ ਮਿਲ ਰਹੀ ਤਾਂ ਬਾਅਦ ਵਿੱਚ ਖਾਦ ਆਉਣ ਦਾ ਕੀ ਫਾਇਦਾ? ਉਨ੍ਹਾਂ ਨੇ ਸਰਕਾਰ ਤੋਂ ਖਾਦ ਦੀ ਜਮ੍ਹਾਂਖੋਰੀ ਕਰਨ ਵਾਲੇ ਵਪਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਖਾਦ ਵੰਡਣ ਲਈ ਪੁਲੀਸ ਬੁਲਾਉਣੀ ਪਈ
ਰਤੀਆ (ਪੱਤਰ ਪ੍ਰੇਰਕ): ਹਰਿਆਣਾ ਸਰਕਾਰ ਕਿਸਾਨਾਂ ਨੂੰ ਕਣਕ ਦੀ ਫਸਲ ਲਈ ਡੀ.ਏ.ਪੀ ਖਾਦ ਦੀ ਘਾਟ ਨਾ ਹੋਣ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਡੀ.ਏ.ਪੀ ਖਾਦ ਦੀ ਖ਼ਰੀਦ ਸਬੰਧੀ ਹੰਗਾਮੇ ਹੋ ਰਹੇ ਹਨ। ਲੰਘੇ 3 ਦਿਨਾਂ ਤੋਂ ਖਾਦ ਦੀਆਂ ਦੁਕਾਨਾਂ ’ਤੇ ਡੀ.ਏ.ਪੀ ਖਾਦ ਦੀ ਸਪਲਾਈ ਹੋ ਰਹੀ ਹੈ ਅਤੇ ਕਿਸਾਨ ਵੱਡੀ ਗਿਣਤੀ ’ਚ ਖਾਦ ਦੀਆਂ ਦੁਕਾਨਾਂ ਅੱਗੇ ਖਾਦ ਲੈਣ ਲਈ ਖੜ੍ਹੇ ਹਨ। ਉਨ੍ਹਾਂ ’ਚ ਖਾਦ ਦੀ ਖਰ਼ੀਦਦਾਰੀ ਨੂੰ ਲੈ ਕੇ ਹਫੜਾ-ਦਫੜੀ ਮੱਚੀ ਪਈ ਹੈ। ਸ਼ਹਿਰ ਦੇ ਮੰਡੀ ਰੋਡ ’ਤੇ ਖਾਦ ਦੀ ਵੰਡ ਸਚਾਰੂ ਢੰਗ ਨਾਲ ਕਰਨ ਲਈ ਪੁਲੀਸ ਬੁਲਾਉਣੀ ਪਈ। ਦੱਸਣਯੋਗ ਹੈ ਕਿ ਜਿਸ ਦੁਕਾਨ ’ਤੇ ਇਸ ਖਾਦ ਦੇ ਟਰੱਕ ਆਉਂਦੇ ਹਨ, ਉਹ ਦੁਕਾਨਦਾਰ ਟੋਕਨ ਦੇ ਕੇ ਕਿਸਾਨਾਂ ਨੂੰ ਖੇਤੀ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ 5 -5 ਗੱਟੇ ਖਾਦ ਦੇ ਵੰਡੇ ਜਾ ਰਹੇ ਹਨ ਪਰ ਕਿਸਾਨ ਲਾਈਨ ’ਚ ਖੜੇ ਹੋ ਕੇ ਖਾਦ ਦੀ ਖਰੀਦਦਾਰੀ ਕਰ ਰਹੇ ਹਨ ਅਤੇ ਦੁਕਾਨਦਾਰਾਂ ਨੂੰ ਸਹੀ ਢੰਗ ਨਾਲ ਖਾਦ ਦੇਣ ਲਈ ਪੁਲੀਸ ਦਾ ਸਹਾਰਾ ਲੈਣਾ ਪੈ ਰਿਹਾ ਹੈ।