ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 16 ਜੂਨ
ਹਰਿਆਣਾ ਵਿੱਚ ਸਰਕਾਰ ਦੀ ‘ਭਾਵੰਤਰ ਭਰਪਾਈ ਯੋਜਨਾ’ ਦਾ ਕੋਈ ਲਾਭ ਨਾ ਮਿਲਣ ਕਾਰਨ ਟਮਾਟਰ ਉਤਪਾਦਕ ਕਿਸਾਨਾਂ ਵਿਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲ ਤੋਂ ਕਿਸਾਨਾਂ ਨੂੰ ਟਮਾਟਰ ਦਾ ਸਹੀ ਭਾਅ ਨਾ ਮਿਲਣ ਕਰਕੇ ਟਮਾਟਰ ਦੀ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ।
ਪਿੰਡ ਰਾਮ ਸਰਨ ਮਾਜਰਾ ਦੇ ਕਿਸਾਨ ਤਾਰਾ ਚੰਦ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਟਮਾਟਰ ਦੀ ਖੇਤੀ ਕਰ ਰਿਹਾ ਹੈ। ਸਰਕਾਰ ਨੇ ਟਮਾਟਰ ਉਤਪਾਦਕ ਕਿਸਾਨਾਂ ਦੇ ਹਿੱਤਾਂ ਦੀ ਸੁਰਖਿੱਆ ਲਈ ਭਾਵੰਤਰ ਭਰਪਾਈ ਯੋਜਨਾ ਚਲਾਈ ਹੋਈ ਹੈ, ਜੋ ਸਿਰਫ ਦਿਖਾਵੇ ਲਈ ਹੀ ਹੈ। ਉਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਟਮਾਟਰ ਦਾ ਠੀਕ ਭਾਅ ਨਾ ਮਿਲਣ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਾਲ ਵੀ ਇਹ ਖੇਤੀ ਘਾਟੇ ਦਾ ਸੌਦਾ ਹੀ ਸਿੱਧ ਹੋਈ ਹੈ। ਇਸ ਦੌਰਾਨ ਤਾਰਾ ਚੰਦ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਟਮਾਟਰ ਦਾ ਭਾਅ 125 ਰੁਪਏ ਪ੍ਰਤੀ ਕਰੇਟ ਹੈ ਜਦਕਿ ਖੇਤ ਵਿੱਚ ਟਮਾਟਰ ਤੋੜਨ ਤੇ ਮੰਡੀ ਤਕ ਲਿਆਉਣ ਲਈ 100 ਤੋਂ 110 ਰੁਪਏ ਪ੍ਰਤੀ ਕਰੇਟ ਖਰਚ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਆਪਣੇ ਜ਼ਿਲ੍ਹੇ ਦੀ ਕਿਸੇ ਵੀ ਮੰਡੀ ਵਿਚ ਉਨ੍ਹਾਂ ਦਾ ਟਮਾਟਰ ਇਸ ਭਾਅ ਵਿਕ ਜਾਏ ਤਾਂ ਫਿਰ ਵੀ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ । ਜੇਕਰ ਸਰਕਾਰ ਹਰ ਜ਼ਿਲ੍ਹੇ ਵਿਚ ਟਮਾਟਰ ਦੀ ਫਸਲ ਨੂੰ ਭਾਵੰਤਰ ਭਰਪਾਈ ਯੋਜਨਾ ਦੇ ਤਹਿਤ ਟਮਾਟਰ ਖਰੀਦਣ ਦੀ ਵਿਵਸਥਾ ਕਰ ਦੇਵੇ ਤਾਂ ਕਿਸਾਨਾਂ ਨੂੰ ਟਮਾਟਰ ਦੀ ਫਸਲ ਵਿਚ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇ ਕਿਸਾਨ ਟਮਾਟਰਾਂ ਨੂੰ ਵੇਚਣ ਲਈ ਦਿੱਲੀ ਜਾਂ ਕਿਸੇ ਹੋਰ ਮੰਡੀ ਵਿਚ ਲੈ ਕੇ ਜਾਏਗਾ ਤਾਂ ਘਾਟਾ ਹੀ ਹੋਵੇਗਾ। ਉਨ੍ਹਾਂ ਨੇ ਸਰਕਾਰ ਤੋਂ ਟਮਾਟਰ ਦੀ ਫਸਲ ਭਾਵੰਤਰ ਭਰਪਾਈ ਯੋਜਨਾ ਦੇ ਤਹਿਤ ਲੋਕਲ ਮੰਡੀਆਂ ਵਿੱਚ ਖਰੀਦਣ ਦੀ ਮੰਗ ਕੀਤੀ ਹੈ ਤਾਂ ਜੋ ਟਮਾਟਰ ਉਤਪਾਦਕ ਕਿਸਾਨਾਂ ਨੂੰ ਕੋਈ ਆਰਥਿਕ ਨੁਕਸਾਨ ਨਾ ਹੋਵੇ। ਉਨ੍ਹਾਂ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨ ਦੀ ਵੀ ਅਪੀਲ ਕੀਤੀ।