ਟ੍ਰਿਬਿਊਨ ਨਿਊਜ਼ ਸਰਵਿਸ
ਝੱਜਰ, 1 ਅਕਤੂਬਰ
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਅੱਜ ਕਿਸਾਨਾਂ ਨੇ ਘੇਰ ਕੇ ਕਾਲੇ ਝੰਡੇ ਦਿਖਾਏ। ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੇ ਜਲ ਤੋਪਾਂ ਦੀ ਵਰਤੋਂ ਵੀ ਕੀਤੀ। ਇਸ ਦੌਰਾਨ ਕਈ ਕਿਸਾਨਾਂ ਨੂੰ ਹਿਰਾਸਤ ’ਚ ਲਿਆ ਗਿਆ। ਦੁਸ਼ਯੰਤ ਇਥੇ ਨਹਿਰੂ ਕਾਲਜ ’ਚ ਇਕ ਪ੍ਰੋਗਰਾਮ ’ਚ ਸ਼ਿਰਕਤ ਕਰਨ ਲਈ ਆਏ ਹੋਏ ਸਨ। ਕਿਸਾਨਾਂ ਨੂੰ ਜਿਵੇਂ ਹੀ ਦੁਸ਼ਯੰਤ ਦੇ ਪ੍ਰੋਗਰਾਮ ਦੀ ਜਾਣਕਾਰੀ ਮਿਲੀ ਤਾਂ ਉਹ ਝੱਜਰ ਪਹੁੰਚਣਾ ਸ਼ੁਰੂ ਹੋ ਗਏ। ਵੱਡੀ ਗਿਣਤੀ ’ਚ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧ ਆਏ ਅਤੇ ਉਨ੍ਹਾਂ ਹੱਥਾਂ ’ਚ ਕਾਲੇ ਝੰਡੇ ਫੜੇ ਹੋਏ ਸਨ। ਪ੍ਰਦਰਸ਼ਨਕਾਰੀਆਂ ’ਚ ਵੱਡੀ ਗਿਣਤੀ ’ਚ ਕਿਸਾਨ ਬੀਬੀਆਂ ਵੀ ਮੌਜੂਦ ਸਨ। ਪੁਲੀਸ ਨੇ ਅੱਗੇ ਵਧ ਰਹੇ ਕਿਸਾਨਾਂ ਨੂੰ ਕੈਮਲਗੜ੍ਹ ਪਿੰਡ ਕੋਲ ਰੋਕ ਲਿਆ ਜਿਥੇ ਪੁਲੀਸ ਅਤੇ ਕਿਸਾਨ ਆਹਮੋ-ਸਾਹਮਣੇ ਆ ਗਏ ਸਨ। ਪੁਲੀਸ ਨੇ ਕਿਸਾਨਾਂ ਨੂੰ ਖਿੰਡਾਉਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ ਪਰ ਵਿਰੋਧ ਫਿਰ ਵੀ ਸ਼ਾਂਤ ਨਹੀਂ ਹੋਇਆ। ਕਿਸਾਨਾਂ ਤੇ ਅਧਿਕਾਰੀਆਂ ਵਿਚਕਾਰ ਗੱਲਬਾਤ ਹੋਈ ਜਿਸ ’ਚ ਫ਼ੈਸਲਾ ਲਿਆ ਗਿਆ ਕਿ ਉਪ ਮੁੱਖ ਮੰਤਰੀ ਦੇ ਦੌਰੇ ਵੇਲੇ 15 ਕਿਸਾਨ ਵਿਰੋਧ ਕਰਨਗੇ ਅਤੇ ਪਰਤ ਆਉਣਗੇ। ਕਿਸਾਨ ਚੌਟਾਲਾ ਨੂੰ ਕਾਲੇ ਝੰਡੇ ਦਿਖਾਉਣ ਮਗਰੋਂ ਪਰਤ ਆਏ। ਦੁਸ਼ਯੰਤ ਚੌਟਾਲਾ ਦਾ ਪ੍ਰੋਗਰਾਮ ਮੁਕੰਮਲ ਹੋਣ ਮਗਰੋਂ ਪੁਲੀਸ ਨੇ ਹਿਰਾਸਤ ’ਚ ਲਏ ਕਿਸਾਨਾਂ ਨੂੰ ਛੱਡ ਦਿੱਤਾ।
ਬਰਾੜਾ ਵਿੱਚ ਪੁਲੀਸ ਅਤੇ ਕਿਸਾਨ ਹੋਏ ਆਹਮੋ-ਸਾਹਮਣੇ
ਅੰਬਾਲਾ(ਪੱਤਰ ਪ੍ਰੇਰਕ): ਇਥੇ ਬਰਾੜਾ ਵਿੱਚ ਕਿਸਾਨਾਂ ਦੇ ਵਿਰੋਧ ਕਰਕੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਓ.ਪੀ.ਧਨਖੜ ਤੇ ਅੰਬਾਲਾ ਤੋਂ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਨੂੰ ਆਪਣਾ ਪ੍ਰੋਗਰਾਮ ਮੁਲਤਵੀ ਕਰਨਾ ਪੈ ਗਿਆ। ਇਥੇ ਇਕ ਪੈਲੇਸ ਦੇ ਬਾਹਰ ਭਾਜਪਾ ਆਗੂਆਂ ਦੇ ਵਿਰੋਧ ਲਈ ਇਕੱਠੇ ਹੋਏ ਕਿਸਾਨਾਂ ਨੂੰ ਖਿੰਡਾਉਣ ਲਈ ਪੁਲੀਸ ਵੱਲੋਂ ਜਲ ਤੋਪ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਇਕ ਕਿਸਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਭਾਜਪਾ ਦਾ ਤਜਵੀਜ਼ਤ ਪ੍ਰੋਗਰਾਮ ਮੁਲਤਵੀ ਹੋਣ ਮਗਰੋਂ ਕਿਸਾਨਾਂ ਨੇ ਕਿਸਾਨ ਯੂਨੀਅਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।