ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 1 ਅਗਸਤ
ਬਿਜਲੀ ਨਿਗਮ ਦੀ ਅਣਗਹਿਲੀ ਖਿਲਾਫ਼ ਪਿੰਡ ਅਸੀਰ ਦੇ ਸੈਂਕੜੇ ਕਿਸਾਨਾਂ ਵੱਲੋਂ ਕਾਲਾਂਵਾਲੀ ਦੇ ਬਿਜਲੀਘਰ ਦਾ ਘਿਰਾਓ ਕੀਤਾ ਗਿਆ ਅਤੇ ਬਿਜਲੀਘਰ ਦੇ ਗੇਟ ਨੂੰ ਤਾਲਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦੀ ਮੰਗ ਹੈ ਕਿ ਸਬ-ਸਟੇਸ਼ਨ ਪਿਪਲੀ ਤੋਂ ਜਾਣ ਵਾਲੇ ਬਿਜਲੀ ਦੇ ਖੰਭੇ ਅਤੇ ਤਾਰਾਂ ਦਾ ਮਾੜਾ ਹਾਲ ਹੋਣ ਕਾਰਨ ਪਿੰਡ ਅਸੀਰ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਅਕਸਰ ਠੱਪ ਰਹਿੰਦੀ ਹੈ ਜਿਸ ਕਾਰਨ ਕਿਸਾਨਾਂ ਦੀਆਂ ਮੋਟਰਾਂ ਨਾ ਚੱਲਣ ਕਾਰਨ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਸਾਬਕਾ ਸਰਪੰਚ ਗੁਰਜੰਟ ਸਿੰਘ, ਬਲਜੀਤ ਸਿੰਘ ਅਤੇ ਹਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਬਿਜਲੀ ਨਿਗਮ ਦੇ ਐਕਸੀਅਨ ਤੋਂ ਲੈ ਕੇ ਜੇ.ਈ. ਤੱਕ ਸ਼ਿਕਾਇਤ ਕੀਤੀ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਬਿਜਲੀ ਸਪਲਾਈ ਵਿਚ ਕੋਈ ਸੁਧਾਰ ਨਹੀਂ ਹੋਇਆ ਜਿਸ ਕਰਕੇ ਉਹ ਬਿਜਲੀਘਰ ਕਾਲਾਂਵਾਲੀ ਦੇ ਗੇਟ ਨੂੰ ਤਾਲੇ ਲਾਉਣ ਲਈ ਮਜਬੂਰ ਹਨ। ਪਿੰਡ ਅਸੀਰ ਦੇ ਕਿਸਾਨ ਜਗਜੀਤ ਸਿੰਘ, ਗੁਰਜੀਤ ਸਿੰਘ ਨੰਬਰਦਾਰ, ਹਰਗੋਬਿੰਦ ਸਿੰਘ ਅਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ। ਦੂਜੇ ਪਾਸੇ ਹਰਿਆਣਾ ਰਾਜ ਬਿਜਲੀ ਬੋਰਡ ਕਾਲਾਂਵਾਲੀ ਦੇ ਜੇ.ਈ. ਜਗਜੀਤ ਸਿੰਘ ਦਾ ਕਹਿਣਾ ਸੀ ਕਿ ਕਿਸਾਨਾਂ ਦੀਆ ਮੋਟਰਾਂ ਲਈ ਬਿਜਲੀ ਸਪਲਾਈ ਨੂੰ ਦਰੁਸਤ ਕਰ ਦਿੱਤਾ ਗਿਆ ਹੈ ਅਤੇ ਐਸਡੀਓ ਵੱਲੋਂ ਕਿਸਾਨਾਂ ਦੀ ਗੱਲ ਸੁਣਨ ਉਪਰੰਤ ਮੰਗ ਪੱਤਰ ਅਗਲੀ ਕਾਰਵਾਈ ਲਈ ਸੀਨੀਅਰ ਅਧਿਕਾਰੀਆਂ ਨੂੰ ਵੀ ਭੇਜ ਦਿੱਤਾ ਗਿਆ ਹੈ।