ਮਹਾਂਵੀਰ ਮਿੱਤਲ
ਜੀਂਦ, 12 ਅਪਰੈਲ
ਖੇਤੀ ਦੇ ਤਿੰਨੇ ਕਾਨੂੰਨਾਂ ਨੂੰ ਲੈ ਕੇ ਖਟਕੜ ਟੌਲ ਪਲਾਜ਼ਾ ਉੱਤੇ ਲਗਾਤਾਰ ਚੱਲਦੇ ਆ ਰਹੇ ਕਿਸਾਨ ਧਰਨੇ ਦੀ ਪ੍ਰਧਾਨਗੀ ਪਿੰਡ ਅਲੀਪੁਰਾ ਦੇ ਰਾਮ ਕੁਮਾਰ ਨੇ ਕੀਤੀ। ਭੁੱਖ ਹੜਤਾਲ ਉੱਤੇ ਚੰਦਾ ਰਾਮ ਖਟਕੜ, ਦਿਲਬਾਗ ਛਾਤਰ, ਮਹਾਂਵੀਰ ਖਟਕੜ, ਮਾਂਗੇ ਰਾਮ ਛਾਤਰ ਅਤੇ ਮਹਾਦੇਵ ਖਟਕੜ ਬੈਠੇ। ਇਸ ਮੌਕੇ ਕੇਂਦਰ ਦੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਕਿਯੂ ਦੇ ਜ਼ਿਲ੍ਹਾ ਪ੍ਰਧਾਨ ਆਜ਼ਾਦ ਪਾਲਵਾਂ ਅਤੇ ਖੇੜਾ ਖਾਪ ਦੇ ਪ੍ਰਧਾਨ ਸਤਿਵੀਰ ਬਰਸੋਲਾ ਨੇ ਕਿਹਾ ਕਿ 14 ਅਪਰੈਲ ਨੂੰ ਕਿਸਾਨਾਂ ਦੇ ਧਰਨੇ ਉੱਤੇ ਹੀ ਡਾ. ਅੰਬੇਡਕਰ ਜੈਅੰਤੀ ਮਨਾਈ ਜਾਵੇਗੀ। ਇਸ ਦਿਨ ਮੰਚ ਦੇ ਸੰਚਾਲਨ ਤੋਂ ਲੈ ਕੇ ਬੁਲਾਰੇ ਮਜ਼ਦੂਰ ਹੋਣਗੇ। ਕਿਸਾਨਾਂ ਨੇ ਪਿਛਲੇ ਲਗਪਗ 4 ਮਹੀਨਿਆਂ ਤੋਂ ਅਨੁੁਸਾਸ਼ਨ, ਸਾਂਤੀ ਅਤੇ ਸੰਯਮ ਨਾਲ ਆਪਣਾ ਅੰਦੋਲਨ ਜਾਰੀ ਰੱਖਿਆ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਰੋਹਤਕ ਅਤੇ ਹਿਸਾਰ ਵਿੱਚ ਸੀਐਮ ਅਤੇ ਡਿਪਟੀ ਸੀਐੱਮ ਦੇ ਪ੍ਰੋਗਰਾਮਾਂ ਵਿੱਚ ਜੋ ਕੁੱਝ ਹੋਇਆ, ਸਾਰਿਆਂ ਨੇ ਵੇਖਿਆ। ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾ ਕੇ ਕਰਕੇ ਸਰਕਾਰ ਜਵਾਨਾਂ ਅਤੇ ਕਿਸਾਨਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਖਾਪ, ਪੰਚਾਇਤਾਂ ਪਹਿਲਾਂ ਹੀ ਫੈਸਲਾ ਕਰ ਚੁੱਕੀਆਂ ਹਨ ਕਿ ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਚੱਲੇਗਾ, ਉਦੋਂ ਤੱਕ ਭਾਜਪਾ/ਜਜ਼ਪਾ ਨੇਤਾਵਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਉੱਤੇ ਅਨੀਸ਼ ਖਟਕੜ, ਬਲਵੀਰ ਬਰਸੋਲਾ, ਮੇਵਾ ਖਟਕੜ, ਪ੍ਰਕਾਸ਼ ਸ਼ਰਮਾ, ਬਬਲੀ, ਨੇਹਾਂ ਆਦਿ ਹਾਜ਼ਰ ਸਨ।