ਗੁਰਦੀਪ ਸਿੰਘ ਭੱਟੀ
ਟੋਹਾਣਾ, 5 ਨਵੰਬਰ
ਭੂਨਾ ਚੀਨੀ ਮਿੱਲ ਬਚਾਓ ਸੰਘਰਸ਼ ਕਮੇਟੀ ਵੱਲੋਂ ਮਿੱਲ ਨੂੰ ਚਾਲੂ ਕਰਨ ਦੀ ਮੰਗ ਸਬੰਧੀ ਕਿਸਾਨਾਂ ਦਾ ਧਰਨਾ 21ਵੇਂ ਦਿਨ ਵੀ ਦਾਖਲ ਹੋਣ ਦੇ ਬਾਵਜੂਦ ਕਿਸਾਨਾਂ ਦੀ ਕਿਸੇ ਨੇ ਸਾਰ ਨਹੀਂਂ ਲਈ। ਅੱਜ ਧਰਨੇ ਦੀ ਅਗਵਾਈ ਵਪਾਰ ਮੰਡਲ ਭੂਨਾ ਦੇ ਪ੍ਰਧਾਨ ਅਜੈ ਝਾਝੜਾ ਨੇ ਕੀਤੀ। ਧਰਨੇ ’ਤੇ ਬੈਠੇ ਕਿਸਾਨ ਆਗੂ ਚਾਂਦੀਰਾਮ ਕੜਵਾਸਰਾ ਨੇ ਦੱਸਿਆ ਕਿ ਕਿਸਾਨਾਂ ਨੇ ਖੇਤੀ ਦੇ ਤਿੰਨ ਨਵੇਂ ਕਾਨੂੰਨਾਂ ਤੇ ਖੰਡ ਮਿੱਲ ਦੀ ਮਸ਼ੀਨਰੀ ਪੁੱਟ ਕੇ ਲਿਜਾਣ ਖ਼ਿਲਾਫ਼ ਧਰਨੇ ਤੇ ਬੈਠੇ ਹਨ। ਕਿਸਾਨਾਂ ਨੇ ਕਿਹਾ ਕਿ ਮਸ਼ੀਨਰੀ ਪੁੱਟ ਕੇ ਲਿਜਾਣ ’ਤੇ ਮਿੱਲ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ ਤੇ ਗੰਨਾ ਉਤਪਾਦਕ ਕਿਸਾਨਾਂ ਲਈ ਸਾਰੇ ਰਸਤੇ ਬੰਦ ਹੋ ਜਾਣਗੇ। ਗੰਨੇ ਦੀ ਬਿਜਾਈ ਕਰਨ ਵਾਲੇ ਜ਼ਿਲ੍ਹੇ ਫਤਿਹਾਬਾਦ ਦੇ ਕਿਸਾਨਾਂ ਨੂੰ ਸੌ ਤੇ ਦੋ ਸੌ ਕਿਲੋਮੀਟਰ ਦੂਰ ਦੀਆਂ ਮਿੱਲਾਂ ਵਿੱਚ ਗੰਨਾ ਵੇਚਣਾ ਪਵੇਗਾ। ਖੰਡ ਮਿੱਲ ਮਾਲਕਾਂ ਵੱਲੋਂ ਕਿਸਾਨ ਦੀ ਮੰਗ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਕਨੂੰਨੀ ਹੱਥ-ਕੰਡੇ ਅਪਣਾਏ ਜਾ ਰਹੇ ਹਨ। ਮਿੱਲ ਮਾਲਕਾਂ ਨੇ ਇਕ ਲੋਹੇ ਦਾ ਪੱਕਾ ਪੀਲੇ ਰੰਗ ਵਾਲਾ ਨੋਟਿਸ ਬੋਰਡ ਸਰਕਾਰੀ ਮਿਲੀ-ਭੁਗਤ ਨਾਲ ਲਾਇਆ ਹੈ ਕਿ ਸਰਕਾਰ ਨੇ ਗੈਰ ਆਬਾਦ ਮਿੱਲ ਭੂਮੀ ਦੇ ਮਾਲਿਕਾਨਾ ਹੱਕ ਨਿੱਜੀ ਮਿੱਲ ਮਾਲਕਾਂ ਨੂੰ ਦਿੱਤੇ ਹਨ ਤੇ ਮਿੱਲ ਦੀ ਨਕਾਰਾ ਹੋ ਚੁੱਕੀ ਮਸ਼ੀਨਰੀ ਪੁੱਟ ਕੇ ਕਬਾੜ ਵਿੱਚ ਵੇਚੀ ਜਾ ਰਹੀ ਹੈ। ਮਿੱਲ ਪ੍ਰਬੰਧਕ ਮਹਿੰਦਰ ਸਿੰਘ ਨੇ ਮਿੱਲ ਦੇ ਗੇਟ ’ਤੇ ਧਰਨੇ ਉੱਤੇ ਬੈਠੇ ਕਿਸਾਨਾਂ ਨੂੰ ਗੈਰ ਕਾਨੂੰਨੀ ਵਿਰੋਧ ਦੱਸਿਆ।
ਉਨ੍ਹਾਂ ਕਿਹਾ ਕਿ ਖੰਡ ਮਿੱਲ 12 ਸਾਲਾਂ ਤੋਂ ਬੰਦ ਪਈ ਹੈ, ਜਦੋਂ ਮਿੱਲ ਬੰਦ ਕੀਤੀ ਗਈ, ਉਦੋਂ ਕਿਸਾਨ ਚੁੱਪ ਰਹੇ। ਉਨ੍ਹਾਂ ਕਿਹਾ ਕਿ ਗੈਰ ਆਬਾਦ ਮਿੱਲ ਦੀ ਨਿੱਜੀ ਵਾਹਿਦ ਸੰਧਰ ਸੂਗਰ ਮਿੱਲ ਫਗਵਾੜਾ ਦੀ ਜਾਇਦਾਦ ਹੈ।