ਰਤਨ ਸਿੰਘ ਢਿੱਲੋਂ
ਅੰਬਾਲਾ, 22 ਸਤੰਬਰ
ਸਾਬਕਾ ਗ੍ਰਹਿ ਮੰਤਰੀ ਅਤੇ ਅੰਬਾਲਾ ਛਾਉਣੀ ਤੋਂ 7ਵੀਂ ਵਾਰ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਅਨਿਲ ਵਿੱਜ ਦਾ ਅੱਜ ਗਰਨਾਲਾ ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਵਰਕਰਾਂ ਨੇ ਡਟ ਕੇ ਵਿਰੋਧ ਕੀਤਾ।
ਕਿਸਾਨਾਂ ਨੇ ਵਿੱਜ ਦਾ ਰਸਤਾ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਇਸ ਵਾਸਤੇ ਉਸ ਦੇ ਕਾਫ਼ਲੇ ਅੱਗੇ ਟਰੈਕਟਰ ਲਾ ਦਿੱਤੇ। ਇਸ ਸਮੇਂ ਅਜੀਬ ਸਥਿਤੀ ਬਣ ਗਈ ਜਦੋਂ ਪਿੰਡ ਵਿਚ ਅਨਿਲ ਵਿੱਜ ਦੇ ਸਮਰਥਕ ਵੀ ਸਾਹਮਣੇ ਆ ਗਏ। ਪੁਲੀਸ ਨੇ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਨੂੰ ਸਮਝਾਉਣ ਦੀ ਪੂਰੀ ਵਾਹ ਲਾਈ। ਆਪਣੇ ਭਾਸ਼ਣ ਦੌਰਾਨ ਵਿੱਜ ਨੇ ਪੂਰਾ ਗੁੱਸਾ ਕੱਢਿਆ ਅਤੇ ਇਸ ਨੂੰ ਕਾਂਗਰਸ ਦੀ ਗੁੰਡਾਗਰਦੀ ਕਰਾਰ ਦਿੱਤਾ।
ਉਨ੍ਹਾਂ ਕਿਹਾ, ‘‘ਕਾਂਗਰਸ ਹਾਰ ਗਈ ਹੈ ਅਤੇ ਅਜਿਹੇ ਹੱਥ ਕੰਡਿਆਂ ’ਤੇ ਉੱਤਰ ਆਈ ਹੈ। ਵਿਰੋਧ ਕਰਨ ਵਾਲੇ ਸਾਰੇ ਕਾਂਗਰਸ ਦੇ ਵਰਕਰ ਹਨ। ਮੈਂ ਇਨ੍ਹਾਂ ਨੂੰ ਸਾਲਾਂ ਤੋਂ ਜਾਣਦਾ ਹਾਂ। ਇਨ੍ਹਾਂ ਦਾ ਇਤਿਹਾਸ ਨਵਾਂ ਨਹੀਂ ਹੈ। ਪਹਿਲਾਂ ਵੀ ਇਨ੍ਹਾਂ ਨੇ ਗੁੰਡਾਗਰਦੀ ਕਰਵਾਈ ਹੈ ਅਤੇ ਕਈ ਕਤਲ ਕਰਵਾਏ ਹਨ।’’ ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਿਹਾ ਕਿ ਇਹ ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮੁਬਾਰਕਬਾਦ ਦੇਣ ਆਏ ਹਨ ਕਿਉਂਕਿ ਅੱਜ ਕਾਂਗਰਸ ਨੇ ਆਪਣੀ ਹਾਰ ਮੰਨ ਕਰੀ ਹੈ।
ਕਾਂਗਰਸ ਵਿੱਚ ਦਲਿਤਾਂ ਤੇ ਔਰਤਾਂ ਦਾ ਸਨਮਾਨ ਨਹੀਂ ਹੈ: ਅਨਿਲ ਵਿੱਜ
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਕਾਂਗਰਸ ਵਿੱਚ ਔਰਤਾਂ ਦੀ ਇੱਜ਼ਤ ਨਹੀਂ ਹੈ ਅਤੇ ਨਾ ਹੀ ਦਲਿਤਾਂ ਦਾ ਸਨਮਾਨ ਹੈ। ਉਨ੍ਹਾਂ ਕਿਹਾ, ‘‘ਜੇ ਏਨੀ ਵੱਡੀ ਨੇਤਾ ਬੀਬੀ ਸ਼ੈਲਜਾ ਬਾਰੇ ਕੋਈ ਜਾਤੀ ਸੂਚਕ ਸ਼ਬਦ ਬੋਲ ਸਕਦਾ ਹੈ ਤਾਂ ਸਮਝ ਲਵੋ ਕਿ ਕਾਂਗਰਸ ਵਿਚ ਦਲਿਤਾਂ ਅਤੇ ਔਰਤਾਂ ਪ੍ਰਤੀ ਕੀ ਰਵੱਈਆ ਹੈ। ਇਸ ਗਲ ਦਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ।’’ ਸ੍ਰੀ ਵਿੱਜ ਅੱਜ ਮੀਡੀਆ ਕਰਮੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਾਂਗਰਸ ਪਾਰਟੀ ਦੀ ਔਰਤਾਂ ਪ੍ਰਤੀ ਸੋਚ ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਹੁਤ ਪਹਿਲਾਂ ਇਕ ਸਾਬਕਾ ਪ੍ਰਧਾਨ ਮੰਤਰੀ ਬਾਰੇ ਪੜ੍ਹਿਆ ਸੀ ਜਿਸ ਨੇ ਔਰਤਾਂ ਬਾਰੇ ਲਿਖਿਆ ਸੀ। ਕੇਂਦਰੀ ਮੰਤਰੀ ਮਨੋਹਰ ਲਾਲ ਵੱਲੋਂ ਬੀਬੀ ਸ਼ੈਲਜਾ ਦੇ ਭਾਜਪਾ ਵਿਚ ਆਉਣ ਦੀ ਸੰਭਾਵਨਾ ਸਬੰਧੀ ਸਵਾਗਤ ਬਾਰੇ ਪੁੱਛਣ ਤੇ ਵਿੱਜ ਨੇ ਜਵਾਬ ਦਿੱਤਾ ਕਿ ਸੰਭਾਵਨਾਵਾਂ ਤੇ ਕੋਈ ਪ੍ਰਤੀਕਿਰਿਆ ਨਹੀਂ ਹੈ, ਜੇ ਮਨੋਹਰ ਲਾਲ ਜੀ ਕੁਝ ਕਹਿ ਰਹੇ ਹਨ ਤਾਂ ਕੁਝ ਨਾ ਕੁਝ ਜ਼ਰੂਰ ਹੋਵੇਗਾ।