ਆਤਿਸ਼ ਗੁਪਤਾ
ਚੰਡੀਗੜ੍ਹ, 10 ਜੁਲਾਈ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦੇ ਸੰਘਰਸ਼ਸ਼ੀਲ ਕਿਸਾਨਾਂ ’ਚ ਭਾਜਪਾ ਤੇ ਭਾਈਵਾਲ ਪਾਰਟੀਆਂ ਖ਼ਿਲਾਫ਼ ਗੁੱਸਾ ਵਧਦਾ ਜਾ ਰਿਹਾ ਹੈ। ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜੀਂਦ, ਹਿਸਾਰ ਤੇ ਯਮੁਨਾਨਗਰ ਵਿਚ ਭਾਜਪਾ ਆਗੂਆਂ ਨੂੰ ਥਾਂ-ਥਾਂ ਕਾਲੇ ਝੰਡੇ ਦਿਖਾਏ ਅਤੇ ਘਿਰਾਓ ਕੀਤਾ। ਹਰਿਆਣਾ ਦੇ ਜੀਂਦ ਵਿਚ ਕੈਥਲ ਰੋਡ ’ਤੇ ਸਥਿਤ ਭਾਜਪਾ ਦਫ਼ਤਰ ’ਚ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਬਾਲ ਵਿਕਾਸ ਤੇ ਮਹਿਲਾ ਭਲਾਈ ਮੰਤਰੀ ਕਮਲੇਸ਼ ਢਾਂਡਾ, ਸਿਰਸਾ ਤੋਂ ਸੰਸਦ ਮੈਂਬਰ ਸੁਨਿਤਾ ਦੁੱਗਲ ਅਤੇ ਜੀਂਦ ਤੋਂ ਵਿਧਾਇਕ ਕ੍ਰਿਸ਼ਨ ਮਿੱਢਾ ਪਹੁੰਚੇ। ਭਾਜਪਾ ਆਗੂਆਂ ਦੇ ਪਹੁੰਚਣ ਸਬੰਧੀ ਜਾਣਕਾਰੀ ਮਿਲਦੇ ਹੀ ਕਿਸਾਨ ਆਗੂ ਖਟਕੜ ਟੌਲ ਪਲਾਜ਼ਾ ’ਤੇ ਇਕੱਠੇ ਹੋਏ ਅਤੇ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਪਹੁੰਚੇ, ਜਿਨ੍ਹਾਂ ਨੂੰ ਰੋਕਣ ਲਈ ਪੁਲੀਸ ਨੇ ਚਾਰ ਥਾਈਂ ਬੈਰੀਕੇਡਿੰਗ ਕੀਤੀ ਪਰ ਕਿਸਾਨ ਸਾਰੀਆਂ ਰੋਕਾਂ ਤੋੜਦੇ ਹੋਏ ਅੱਗੇ ਵਧਦੇ ਗਏ। ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਵਿਚਾਲੇ ਸਥਿਤੀ ਟਕਰਾਅ ਵਾਲੀ ਬਣ ਗਈ। ਕਿਸਾਨਾਂ ਨੇ ਪੁਲੀਸ ਦੀ ਬੈਰੀਕੇਡਿੰਗ ਤੋੜਦੇ ਹੋਏ ਸ਼ਾਂਤਮਈ ਢੰਗ ਨਾਲ ਭਾਜਪਾ ਆਗੂਆਂ ਨੂੰ ਵਾਪਸ ਜਾਣ ਦਾ ਸਮਾਂ ਦਿੱਤਾ। ਉਪਰੰਤ ਭਾਜਪਾ ਆਗੂ ਉੱਥੋਂ ਲੰਘ ਗਏ। ਜੀਂਦ ਵਿੱਚ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਭਾਜਪਾ ਆਗੂਆਂ ਵੱਲੋਂ ਲੋਕਾਂ ਵਿੱਚ ਜਾਣ ਦੀਆਂ ਕੋਸ਼ਿਸ਼ਾਂ ਕੀਤੇ ਜਾਣ ਕਾਰਨ ਰੋਹ ਵਿੱਚ ਆਏ ਕਿਸਾਨਾਂ ਨੇ ਭਾਜਪਾ ਦੀਆਂ ਸਾਰੀਆਂ ਫਲੈਕਸਾਂ ਪਾੜ ਦਿੱਤੀਆਂ ਤੇ ਭਾਜਪਾ ਦੇ ਝੰਡੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।