ਪੰਚਕੂਲਾ (ਪੀ.ਪੀ ਵਰਮਾ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਕਿਸਾਨਾਂ ਨੇ ਬਾਰਡਰ ਉੱਤੇ ਤਮਾਸ਼ਾ ਖੜ੍ਹਾ ਕੀਤਾ ਹੋਇਆ ਹੈ ਅਤੇ ਕਹਿ ਰਹੇ ਹਨ ਕਿ ਉਹ ਇਹ ਤਿੰਨੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਣਗੇ। ਉਹ ਪੰਚਕੂਲਾ ਦੇ ਸੈਕਟਰ-16 ਦੇ ਅਗਰਵਾਲ ਭਵਨ ਵਿੱਚ ਨਗਰ ਨਿਗਮ ਚੋਣਾਂ ਲਈ ਭਾਜਪਾ ਉਮੀਦਵਾਰ ਲਈ ਪ੍ਰਚਾਰ ਵਾਸਤੇ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਸੱਤਾ ਨਹੀਂ ਮਿਲਦੀ ਉਹ ਸੱਤਾ ਹਾਸਲ ਕਰਨ ਵਾਸਤੇ ਕਈ ਹੱਥਕੰਡੇ ਅਪਣਾਉਂਦੇ ਹਨ। ਇਨ੍ਹਾਂ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਅਜਿਹੇ ਲੋਕਾਂ ਨੂੰ ਹਰਾ ਕੇ ਸੱਤਾ ਤੋਂ ਦੂਰ ਰੱਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਜਲ ਸ਼ਕਤੀ, ਸਮਾਜਿਕ ਨਿਆਂ ਰਾਜ ਮੰਤਰੀ ਰਤਨ ਲਾਲ ਕਟਾਰੀਆ ਵੀ ਕਿਸਾਨਾਂ ਬਾਰੇ ਅਜਿਹਾ ਵਿਵਾਦਤ ਬਿਆਨ ਦੇ ਚੁੱਕੇ ਹਨ। ਉੱਧਰ ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਪੁਲੀਸ ਨੇ ਪੰਚਕੂਲਾ ’ਚ ਕਿਸਾਨਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਪੁਲੀਸ ਨੇ ਕੁਝ ਕਿਸਾਨ ਪਹਿਲਾਂ ਚੰਡੀਮੰਦਰ ਟੌਲ ਪਲਾਜਾ ਤੋਂ ਹਿਰਾਸਤ ’ਚ ਲਏ, ਫੇਰ ਕੁਝ ਨੂੰ ਪਿੰਡ ਜਲੌਲੀ ਅਤੇ ਰਾਮਗੜ੍ਹ ਕਸਬੇ ਵਿੱਚੋਂ ਚੱਕਿਆ। ਪੁਲੀਸ ਨੇ ਕਿਸਾਨਾਂ ਦੀਆਂ ਕਾਰਾਂ ’ਤੇ ਕਿਸਾਨ ਅੰਦੋਲਨ ਸਬੰਧੀ ਲਾਏ ਹੋਏ ਸਟਿੱਕਰ ਜਬਰੀ ਉਤਾਰ ਕੇ ਭਾਜਪਾ ਨਾਲ ਸਬੰਧਤ ਸਟਿੱਕਰ ਲਗਾ ਦਿੱਤੇ।