ਕੇ.ਕੇ ਬਾਂਸਲ
ਰਤੀਆ, 26 ਅਗਸਤ
ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਦੀ ਪ੍ਰਧਾਨਗੀ ਹੇਠ ਨੈਸ਼ਨਲ ਇੰਸ਼ੋਰੈਂਸ ਕੰਪਨੀ ਟੋਹਾਣਾ ਰੋਡ ਰਤੀਆ ਦੇ ਦਫ਼ਤਰ ਦੇ ਗੇਟ ’ਤੇ ਧਰਨਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭੂੰਦੜਵਾਸ ਨਿਵਾਸੀ ਸੁਖਪ੍ਰੀਤ ਸਿੰਘ ਪੁੱਤਰ ਰੰਗਾ ਸਿੰਘ ਨੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਤੋਂ ਆਪਣੇ ਦੁਧਾਰੂ ਪਸ਼ੂਆਂ ਦਾ ਬੀਮਾ ਕਰਵਾਇਆ ਸੀ, ਜਿਸ ਵਿੱਚੋਂ ਇਕ ਗਾਂ ਬਿਮਾਰੀ ਕਾਰਨ ਮਰ ਗਈ ਹੈ। ਜਦੋਂ ਗਾਂ ਬਿਮਾਰ ਹੋ ਗਈ ਸੀ ਤਾਂ ਟੀਕਾ ਲਗਾਉਂਦੇ ਸਮੇਂ ਗਾਂ ਦਾ ਕੋਕਾ ਟੈਗ ਟੁੱਟ ਗਿਆ। ਕਿਸਾਨ ਨੇ ਉਸ ਨੂੰ ਸੰਭਾਲ ਕੇ ਰੱਖਿਆ ਅਤੇ ਗਾਂ ਦੇ ਮਰਨ ਤੋਂ ਬਾਅਦ ਜਦੋਂ ਬੀਮਾ ਕੰਪਨੀ ਦੇ ਦੋ ਅਧਿਕਾਰੀਆਂ ਅਤੇ ਸਰਕਾਰੀ ਡਾਕਟਰ ਨੇ ਪੋਸਟਮਾਰਟਮ ਕਰ ਕੇ ਕਿਹਾ ਸੀ ਕਿ ਇਹ ਉਹੀ ਗਾਂ ਹੈ, ਜਿਸ ਦਾ ਬੀਮਾ ਕਿਸਾਨ ਨੇ ਕਰਵਾਇਆ ਸੀ। ਇਹ 100 ਫੀਸਦੀ ਕਲੇਮ ਦੇ ਹੱਕਦਾਰ ਹਨ। ਉਸ ਦੀ ਰਿਪੋਰਟ ਤਿਆਰ ਕਰਕੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਨੂੰ ਸੌਂਪ ਦਿੱਤੀ ਅਤੇ ਉਸ ਤੋਂ ਬਾਅਦ ਕੰਪਨੀ ਨੇ ਕਿਸਾਨ ਸੁਖਪ੍ਰੀਤ ਸਿੰਘ ਨੂੰ ਇਕ ਨੋਟਿਸ ਜਾਰੀ ਕਰ ਕੇ ਕਿਹਾ ਕਿ ਤੁਹਾਡੀ ਗਾਂ ਦਾ ਟੈਗ ਟੁੱਟ ਗਿਆ ਹੈ ਇਸ ਲਈ ਅਸੀਂ ਤੁਹਾਨੂੰ ਕਲੇਮ ਦੇ ਪੈਸੇ ਨਹੀਂ ਦੇਵਾਂਗੇ, ਜਦੋਂ ਕਿ ਟੈਗ ਉਸੇ ਫਾਈਲ ਵਿੱਚ ਸੀ ਜੋ ਬੀਮਾ ਕੰਪਨੀ ਦੇ ਦੋ ਅਧਿਕਾਰੀਆਂ ਕੋਲ ਸੀ। ਜਦੋਂ ਇਸ ਸਬੰਧੀ ਕੰਪਨੀ ਦੇ ਮੈਨੇਜਰ ਵਿਨੋਦ ਸ਼ਰਮਾ ਜੋ ਫਤਿਆਬਾਦ ਦਫਤਰ ਵਿੱਚ ਬੈਠਦੇ ਹਨ,ਨਾਲ ਗੱਲ ਕੀਤੀ ਤਾਂ ਉਹ ਨਹੀਂ ਮਿਲੇ। ਜਦੋਂ ਫਤਿਆਬਾਦ ਡੀਸੀ ਨੂੰ ਮਿਲੇ ਤਾਂ ਉਨ੍ਹਾਂ ਫਤਿਆਬਾਦ ਸਿਟੀ ਮੈਜਿਸਟ੍ਰੇਟ ਨੂੰ ਮਿਲਣ ਲਈ ਕਿਹਾ। ਜਦੋਂ ਉਨ੍ਹਾਂ ਨੂੰ ਮਿਲੇ ਤਾਂ ਉਨ੍ਹਾਂ ਕੰਪਨੀ ਦੇ ਮੈਨੇਜਰ ਨੂੰ ਮਸਲੇ ਦਾ ਹੱਲ ਕੱਢਣ ਦੀ ਬਜਾਏ ਕਿਹਾ ਕਿ ਤੁਸੀਂ ਕੋਰਟ ਚਲੇ ਜਾਓ, ਇਸ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਕੰਪਨੀ ਮੈਨੇਜਰ ਵਿਨੋਦ ਸ਼ਰਮਾ ਅਤੇ ਫਤਿਆਬਾਦ ਸਿਟੀ ਮੈਜਿਸਟਰੇਟ ਦੀ ਮਿਲੀ ਭੁਗਤ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋ ਦਿਨ ਵਿੱਚ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।