ਪ੍ਰਭੂ ਦਿਆਲ
ਸਿਰਸਾ, 6 ਅਕਤੂਬਰ
ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਘਰ ਦਾ ਘਿਰਾਓ ਕਰਨ ਜਾਂਦੇ ਕਿਸਾਨਾਂ ਖ਼ਿਲਾਫ਼ ਪੁਲੀਸ ਨੇ ਅੱਥਰੂ ਗੈਸ ਦੀ ਵਰਤੋਂ ਕੀਤੀ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਤੋਂ ਬਾਅਦ ਕਿਸਾਨਾਂ ਨੇ ਚੌਕ ’ਤੇ ਅਣਮਿੱਥੇ ਸਮੇਂ ਦਾ ਧਰਨਾ ਲਾ ਦਿੱਤਾ। ਇਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਖ਼ਿਲਾਫ਼ ਡੇਢ ਦਰਜਨ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨ ਸਿਰਸਾ ਦੀ ਦਸਹਿਰਾ ਗਰਾਊਂਡ ਵਿਚ ਇਕੱਠੇ ਹੋਏ। ਉਨ੍ਹਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਸੰਬੋਧਨ ਕੀਤਾ। ਸਵਰਾਜ ਇੰਡੀਆ ਦੇ ਰਾਸ਼ਟਰੀ ਕਨਵੀਨਰ ਯੋਗੇਂਦਰ ਯਾਦਵ, ਰਾਜੀਵ ਗੋਦਾਰਾ, ਕਿਸਾਨ ਸਭਾ ਦੇ ਆਗੂ ਸਵਰਨ ਸਿੰਘ ਵਿਰਕ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂ, ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਰੋਸ਼ਨ ਸੁਚਾਨ ਤੇ ਹੋਰ ਆਗੂਆਂ ਨੇ ਇਸ ਮੌਕੇ ਸੰਬੋਧਨ ਕੀਤਾ। ਇਕੱਠ ਵਿਚ ਪੰਜਾਬੀ ਗਾਇਕ ਜੱਸ ਬਾਜਵਾ, ਹਰਫ਼ ਚੀਮਾ ਤੇ ਜਗਦੀਪ ਰੰਧਾਵਾ ਨੇ ਵੀ ਸ਼ਿਰਕਤ ਕੀਤੀ। ਕਿਸਾਨ ਜਦ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਚੌਧਰੀ ਰਣਜੀਤ ਸਿੰਘ ਦੀ ਕੋਠੀ ਵੱਲ ਵਧੇ ਤਾਂ ਪੁਲੀਸ ਨੇ ਦੋ ਸੌ ਮੀਟਰ ਪਹਿਲਾਂ ਹੀ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪੁਲੀਸ ਨੇ ਕਰੀਬ 12 ਕੰਪਨੀਆਂ ਦੇ ਮੁਲਾਜ਼ਮ ਲਾਏ ਸਨ। ਦਸ ਡੀਐੱਸਪੀ, 30 ਇੰਸਪੈਕਟਰ ਤੇ ਕਰੀਬ 1500 ਪੁਲੀਸ ਮੁਲਾਜ਼ਮ ਅਤੇ 12 ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਗਏ ਸਨ।
ਸਾਬਕਾ ਭਾਜਪਾ ਆਗੂ ਵੱਲੋਂ ਕਿਸਾਨਾਂ ਦਾ ਮੰਚ ਹਥਿਆਉਣ ਦੀ ਕੋਸ਼ਿਸ਼: ਯੋਗੇਂਦਰ ਯਾਦਵ
ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੀ ਕੌਮੀ ਵਰਕਿੰਗ ਕਮੇਟੀ ਦੇ ਸੀਨੀਅਰ ਮੈਂਬਰ ਯੋਗੇਂਦਰ ਯਾਦਵ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਇਕ ਸਾਬਕਾ ਆਗੂ ਗੋਕੁਲ ਸੇਤੀਆ ਨੇ ਪਹਿਲਾਂ ਕਿਸਾਨਾਂ ਦਾ ਮੰਚ ਹਥਿਆਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਬੈਰੀਅਰ ’ਤੇ ਆ ਕੇ ਮੋਰਚੇ ਵਿੱਚ ਖ਼ਲਲ ਪਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨ ਸ਼ਾਂਤਮਈ ਰਹੇ ਅਤੇ ਹੁਣ ਫਿਰ ਮੋਰਚੇ ’ਤੇ ਡਟ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਡਟੇ ਰਹਿਣਗੇ ਜਦੋਂ ਤਕ ਉਹ ਆਪਣੀਆਂ ਮੰਗਾਂ ਮਨਵਾ ਨਹੀਂ ਲੈਂਦੇ। ਉਨ੍ਹਾਂ ਨੇ ਇਸ ਮੌਕੇ ਲੱਗੇ ਪੰਜਾਬ-ਹਰਿਆਣਾ ਏਕਤਾ ਦੇ ਨਾਅਰਿਆਂ ਦੀ ਪ੍ਰਸ਼ੰਸਾ ਕੀਤੀ।