ਸਤਪਾਲ ਰਾਮਗੜ੍ਹੀਆ
ਪਿਹੋਵਾ, 29 ਅਕਤੂਬਰ
ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪ੍ਰਦੇਸ਼ ਵਿੱਚ ਝੋਨੇ ਦੇ ਸੀਜ਼ਨ ਵਿੱਚ ਖਰੀਦ ਦੇ ਕੰਮ ਦੌਰਾਨ ਕਿਸਾਨਾਂ ਅਤੇ ਵਪਾਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਗਈ। ਸਰਕਾਰ ਨੇ ਕਿਸਾਨਾਂ ਦੀ ਫਸਲ ਦਾ ਭੁਗਤਾਨ ਕਰਨ ਲਈ ਹੁਣ ਤੱਕ 3300 ਕਰੋੜ ਰੁਪਏ ਦੀ ਰਕਮ ਆੜ੍ਹਤੀਆਂ ਨੂੰ ਜਾਰੀ ਕੀਤੀ ਹੈ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਬੁੱਧਵਾਰ ਦੇਰ ਸ਼ਾਮ ਪਿੰਡ ਠਸਕਾ ਮੀਰਾ ਜੀ ਵਿੱਚ ਸਰਪੰਚ ਦਿਲਬਾਗ ਸਿੰਘ ਗੁਰਾਇਆ ਦੇ ਗ੍ਰਹਿ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਬਾਅਦ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪਿੰਡ ਗੰਗੇਹੇੜੀ ਵਿੱਚ ਸਰਪੰਚ ਦਿਲਬਾਗ ਸਿੰਘ ਦੇ ਓਮਕਾਰ ਫਿਊਲ ਸਟੇਸ਼ਨ ਦਾ ਉਦਘਾਟਨ ਵੀ ਕੀਤਾ।
ਇਸ ਦੌਰਾਨ ਉਪ ਮੁੱਖ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ। ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾਂ ਹੀ ਕਿਸਾਨਾਂ ਅਤੇ ਵਪਾਰੀਆਂ ਦੇ ਹਿੱਤ ਵਿੱਚ ਫੈਸਲੇ ਲਏ ਹਨ, ਹਾਲ ਹੀ ਵਿੱਚ ਖੇਤੀਬਾੜੀ ਬਿੱਲ ਪਾਸ ਕਰਕੇ ਕਿਸਾਨਾਂ ਦੇ ਹਿੱਤ ਵਿੱਚ ਕੰਮ ਕੀਤਾ ਗਿਆ ਹੈ। ਜਿਸ ਨਾਲ ਕਿਸਾਨ ਆਪਣੀ ਫਸਲ ਨੂੰ ਕਿਤੇ ਵੀ ਵਾਜਬ ਕੀਮਤ ਤੇ ਵੇਚ ਸਕਦਾ ਹੈ ਅਤੇ ਇਸ ਨਾਲ ਕਿਸਾਨਾਂ ਦੀ ਆਮਦਨੀ ਵਿੱਚ ਵੀ ਵਾਧਾ ਹੋਵੇਗਾ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਿਸਾਨ ਨੂੰ ਐੱਮਐੱਸਪੀ ਹਮੇਸ਼ਾ ਮਿਲਦਾ ਰਹੇਗਾ। ਇਸ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਫਸਲਾਂ ਵਿਚੋਂ ਹਰ ਇਕ ਦਾਣਾ ਖਰੀਦਣ ਦਾ ਕੰਮ ਚੱਲ ਰਿਹਾ ਹੈ।
ਇਸ ਸਾਲ ਕੁਝ ਤਕਨੀਕੀ ਕਮੀਆਂ ਨੂੰ ਦੂਰ ਕੀਤਾ ਗਿਆ ਹੈ। ਇਸ ਮੌਕੇ ਜੇਜੇਪੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਜਖਵਾਲਾ, ਪ੍ਰੋਫੈਸਰ ਰਣਧੀਰ ਸਿੰਘ, ਡਾ: ਜਸਵਿੰਦਰ ਖਹਿਰਾ, ਸਰਪੰਚ ਐਸੋਸੀਏਸ਼ਨ ਦੇ ਪ੍ਰਿੰਸੀਪਲ ਦਿਲਬਾਗ ਸਿੰਘ, ਸੂਬਾ ਜਨਰਲ ਸਕੱਤਰ ਵਿਸ਼ਨੂੰ, ਆਤਮਾ ਰਾਮ, ਅਸ਼ੋਕ ਮਲਿਕ, ਮਿਲਦਾ ਪ੍ਰਧਾਨ ਧੀਰਜ ਨੈਨ, ਰਾਜ ਕਾਰਜਕਾਰੀ ਅਨਵਰ ਖਾਨ ਮੌਜੂਦ ਸਨ।