ਪੱਤਰ ਪ੍ਰੇਰਕ
ਟੋਹਾਣਾ, 22 ਮਈ
ਹਿਸਾਰ ਵਿੱਚ ਮੁੱਖ ਮੰਤਰੀ ਦੇ ਵਿਰੋਧ ਸਮੇਂ ਕਿਸਾਨਾਂ ’ਤੇ ਦਰਜ ਮਾਮਲਿਆਂ ਦਾ ਵਿਰੋਧ ਕਰਨ ਲਈ 24 ਮਈ ਨੂੰ ਹਿਸਾਰ ਕਮਿਸ਼ਨਰ ਦਫ਼ਤਰ ਦਾ ਘਿਰਾਉ ਕਰਨ ਦੇ ਸੱਦੇ ’ਤੇ ਬੀਤੀ ਸ਼ਾਮ ਟਾਊਨ ਪਾਰਕ ਵਿੱਚ ਕਿਸਾਨ ਸ਼ੰਘਰਸ਼ ਕਮੇਟੀ ਦੇ ਪ੍ਰਧਾਨ ਗੁਰਦਿਆਲ ਸਿੰਘ ਢੇਰ ਦੀ ਪ੍ਰਧਾਨਗੀ ਵਿੱਚ ਪੰਚਾਇਤ ਹੋਈ। ਇਸ ਮੌਕੇ ਰਣਜੀਤ ਸਿੰਘ ਢਿੱਲੋਂ, ਰਾਜਿੰਦਰ ਸਮੈਣ, ਗਿਆਨ ਸਿੰਘ ਭੋਡੀ, ਵੇਦਪ੍ਰਕਾਸ ਕੰਨੜ੍ਹੀ, ਰੇਸ਼ਮ ਸਿੰਘ, ਸਾਹਿਬ ਸਿੰਘ ਨੇ ਸਾਰੇ ਕਿਸਾਨ ਆਗੂਆਂ ਨੂੰ ਪਿੰਡਾਂ ਵਿੱਚੋਂ ਔਰਤਾਂ ਤੇ ਬੱਚੇ ਸਮੇਤ ਟਰੈਕਟਰ-ਟਰਾਲੀਆਂ ਦੇ ਹਿਸਾਰ ਪੁੱਜਣ ਦੀ ਅਪੀਲ ਕੀਤੀ। ਪੰਚਾਇਤ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ 26 ਮਈ ਨੂੰ ਕਾਲਾ ਦਿਵਸ ਮਨਾਉਣ ਸਬੰਧੀ ਜ਼ਿਲ੍ਹੇ ਦੇ ਸਾਰੇ ਕਸਬਿਆਂ ਵਿੱਚ ਟਰੈਕਟਰ ਟਰਾਲੀਆਂ ਤੇ ਕਾਲੇ ਝੰਡੇ ਲਾ ਕੇ ਰੋਸ ਦਿਹਾੜਾ ਮਨਾਉਣ ਦਾ ਐਲਾਨ ਕੀਤਾ। ਪੰਚਾਇਤੀ ਫੈਸਲਿਆਂ ਦੀ ਜਾਣਕਾਰੀ ਮਾਸਟਰ ਰਣਜੀਤ ਸਿੰਘ ਢਿੱਲੋਂ ਨੇ ਦਿੰਦੇ ਹੋਏ ਦੱਸਿਆ ਕਿ ਹਿਸਾਰ ਜਾਣ ਲਈ ਵਿਸ਼ੇਸ਼ ਸੜਕਾਂ ਤੇ ਇੱਕਠੇ ਹੋ ਕੇ ਹਿਸਾਰ ਜਾਣ ਦੀ ਵਿਊਂਤਵੰਦੀ ਲਈ ਨੌਜਵਾਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ।