ਪੱਤਰ ਪ੍ਰੇਰਕ
ਟੋਹਾਣਾ, 23 ਜੁਲਾਈ
ਹਿਮਾਚਲ ਦੇ ਪਹਾੜਾਂ ਦਾ ਬਰਸਾਤੀ ਪਾਣੀ ਘੱਗਰ ਨਦੀ ਦੇ ਕੰਢਿਆਂ ’ਤੇ ਆਉਣ ਕਾਰਨ ਟੋਹਾਣਾ, ਜਾਖਲ ਤੇ ਰਤੀਆ ਦੇ ਸੈਂਕੜੇ ਪਿੰਡਾਂ ਦੇ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਪਿੰਡ ਤਲਵਾੜੇ, ਸਾਧਨਵਾਸ, ਨੜੈਲ, ਕੜੈਲ, ਕੁੰਦਨੀ, ਰੱਤਾਥੇਹ, ਕਾਸਮਪੁਰ, ਚਾਂਦੁਪਰਾ ਦੀਆਂ ਸੱਥਾਂ ਵਿੱਚ ਬੈਠਕੇ ਕਿਸਾਨ ਦੀਆਂ ਢਾਣੀਆਂ ਇੰਟਰਨੈੱਟ ’ਤੇ ਇਥੋਂ ਦੇ ਮੌਸਮ ਨਾਲੋਂ ਹਿਮਾਚਲ ਵਿਚਲੇ ਮੌਸਮ ’ਤੇ ਜ਼ਿਆਦਾ ਚਰਚਾ ਕਰਦੀਆਂ ਨਜ਼ਰ ਆਈਆਂ। ਕਿਸਾਨ ਜੱਗੀ ਮਹਿਲ, ਹਰਵਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਮੈਡੀਕਲ ਖਰਚ, ਕਿਸਾਨ ਅੰਦੋਲਨ ’ਤੇ ਹੋ ਰਹੇ ਖਰਚੇ ਤੋਂ ਪਹਿਲਾਂ ਹੀ ਮੁਸ਼ਕਿਲਾਂ ’ਚੋਂ ਲੰਘ ਰਹੇ ਕਿਸਾਨ ਪਰਿਵਾਰਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਦਾ ਭਵਿੱਖ ਘੱਗਰ ਦੇ ਪਾਣੀ ’ਤੇ ਨਿਰਭਰ ਕਰਦਾ ਹੈ। ਝੋਨੇ ਦੀ ਫ਼ਸਲ ਬਾਰਿਸ਼ ਦੇ ਪਾਣੀ ਨਾਲ ਭਰੀ ਪਈ ਹੈ। ਘੱਗਰ ਦੇ ਪਾਣੀ ਦਾ ਪੱਧਰ ਇਕ ਫੁੱਟ ਹੋਰ ਉੱਚਾ ਹੋਣ ’ਤੇ ਝੋਨੇ ਦੀ ਭਰਪੂਰ ਫ਼ਸਲ ਬਰਬਾਦ ਹੋਵੇਗੀ। ਘੱਗਰ ਵਿੱਚ ਵਧਦੇ ਘੱਟਦੇ ਪਾਣੀ ਦੇ ਪੱਧਰ ਨਾਲ ਹੀ ਕਿਸਾਨਾਂ ਦੀਆਂ ਚਿੰਤਾਵਾਂ ਤੇ ਖੁਸ਼ੀਆਂ ਜੁੜੀਆਂ ਹੋਈਆਂ ਹਨ।
ਭਰਵੇਂ ਮੀਂਹ ਨੇ ਨੀਵੇ ਇਲਾਕੇ ਡੋਬੇ
ਜ਼ਿਲ੍ਹੇ ਭਰ ਵਿੱਚ ਪੈ ਰਹੇ ਭਰਵੇਂ ਮੀਂਹ ਕਾਰਨ ਨੀਵੀਆਂ ਬਸਤੀਆਂ ਝੀਲਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਜ਼ਿਲ੍ਹੇ ਦੇ ਭੱਠੂ, ਫਤਿਹਾਬਾਦ, ਭੁਨਾ, ਕੁਲਾਂ, ਜਾਖਲ, ਟੋਹਾਣਾ, ਧਮਤਾਨ ਸਾਹਿਬ ਇਲਾਕੇ ਵਿੱਚ ਸਵੇਰੇ 6 ਵਜੇ ਤੋਂ ਸ਼ੁਰੂ ਹੋਏ ਮੀਂਹ ਨੇ ਦੋ ਘੰਟਿਆਂ ਵਿੱਚ ਸੜਕਾਂ ਗਲੀਆਂ ਨਹਿਰਾਂ ਵਿੱਚ ਬਦਲ ਦਿੱਤੀਆਂ ਤੇ ਨੀਵੇਂ ਇਲਾਕਿਆਂ ਵਿੱਚ ਸ਼ਾਮ ਤੱਕ ਨਿਕਾਸੀ ਨਹੀਂ ਹੋ ਸਕੀ। ਫਤਿਹਾਬਾਦ ਦੇ ਤੁਲ਼ਸੀ ਚੌਕ ਤੇ ਧਰਸ਼ਾਲਾ ਰੋੜ, ਜਵਾਹਰ ਚੌਕ, ਹਸਪਤਾਲ ਰੋੜ, ਕੌਮੀ ਸੜਕ ’ਤੇ ਵਰਖਾ ਦਾ ਪਾਣੀ ਸ਼ਾਮ ਤੱਕ ਜਮਾਂ ਰਿਹਾ। ਭਾਰੀ ਮੀਂਹ ਕਾਰਨ ਬਾਜ਼ਾਰ ਵਿੱਚ ਗਾਹਕੀ ਘੱਟ ਰਹੀ ਤੇ ਕਿਸਾਨ ਖੇਤਾਂ ਵਿੱਚ ਝੋਨੇ ਦੀ ਵੱਟਾ ਸੰਭਾਲਦੇ ਰਹੇ।